ਜੂਨੀਅਰ ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ’ਚ ਦਿੱਲੀ ਅਤੇ ਹਰਿਆਣਾ ਦਾ ਦਬਦਬਾ
Tuesday, Sep 10, 2019 - 10:45 AM (IST)

ਰੋਹਤਕ— ਦਿੱਲੀ ਅਤੇ ਹਰਿਆਣਾ ਦੇ ਮੁੱਕੇਬਾਜ਼ਾਂ ਨੇ ਤੀਜੀ ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ ’ਚ ਸੋਮਵਾਰ ਨੂੰ ਇੱਥੇ ਦਮਦਾਰ ਪ੍ਰਦਰਸ਼ਨ ਕੀਤਾ। ਸਾਕਸ਼ੀ ਚੌਧਰੀ (52 ਕਿਲੋਗ੍ਰਾਮ) ਅਤੇ ਆਯੁਸ਼ੀ ਪਾਲ (54 ਕਿਲੋਗ੍ਰਾਮ) ਨੇ ਦਿੱਲੀ ਜਦਕਿ ਤੰਨੂ (52 ਕਿਲੋਗ੍ਰਾਮ) ਅਤੇ ਨੇਹਾ (54 ਕਿਲੋਗ੍ਰਾਮ) ਨੇ ਹਰਿਆਣਾ ਲਈ ਤਮਗੇ ਦੀ ਉਮੀਦਾਂ ਨੂੰ ਬਰਕਰਾਰ ਰਖਿਆ। ਸਾਕਸ਼ੀ ਨੇ ਸ਼ੁਰੂਆਤੀ ਦੌਰ ’ਚ ਅਸਮ ਦੀ ਏਈਕੋਨ ਮਿਲੀ ਨੂੰ ਜਦਕਿ ਆਯੁਸ਼ੀ ਨੇ ਉੜੀਸਾ ਦੀ ਆਯੁਸ਼ਮਿਤਾ ਪਾਣੀਗ੍ਰਹਿ ਨੂੰ ਹਰਾਇਆ।
ਘਰੇਲੂ ਸਮਰਥਕਾਂ ਦੀ ਹੌਸਲਾ ਅਫਜ਼ਾਈ ਵਿਚਾਲੇ ਤੰਨੂ ਨੇ ਮਹਾਰਾਸ਼ਟਰ ਦੀ ਸਿਮਰਨ ਵਰਮਾ ਨੂੰ ਤਾਂ ਦੂਜੇ ਪਾਸੇ ਨੇਹਾ ਨੇ ਉੱਤਰ ਪ੍ਰਦੇਸ਼ ਦੀ ਵਰਸ਼ਾ ਸਿੰਘ ਨੂੰ ਹਰਾਇਆ। ਪਹਿਲੇ ਦਿਨ ਜਿੱਤ ਦਰਜ ਕਰਨ ਵਾਲੀਆਂ ਮੁੱਕੇਬਾਜ਼ਾਂ ’ਚ ਪੰਜਾਬ ਦੀ ਪੂਨਮ (54 ਕਿਲੋਗ੍ਰਾਮ), ਮਿਜ਼ੋਰਮ ਦੀ ਰੂਥੀ ਲਾਲਹਿੰਗਥਾਈ (52 ਕਿਲੋਗ੍ਰਾਮ), ਤੇਲੰਗਾਨਾ ਦੀ ਤ੍ਰਿਪਤੀ ਜੇ. (54 ਕਿਲੋਗ੍ਰਾਮ), ਗੋਆ ਦੀ ਨੇਹਾ ਕਦਮ (52 ਕਿਲੋਗ੍ਰਾਮ) ਅਤੇ ਮਹਾਰਾਸ਼ਟਰ ਦੀ ਨਾਸਵੀਰਾ ਮੁਜਾਵਰ (54 ਕਿਲੋਗ੍ਰਾਮ) ਸ਼ਾਮਲ ਰਹੀਆਂ।