ਮਹਿਲਾ ਵਿਸ਼ਵ ਕੱਪ ਫਾਈਨਲ : ਨਵਾਂ ਚੈਂਪੀਅਨ ਆਵੇਗਾ ਸਾਹਮਣੇ, ਇਤਿਹਾਸ ਰਚਣ ਦੀ ਦਹਿਲੀਜ਼ ''ਤੇ ਭਾਰਤ ਅਤੇ ਦੱ. ਅਫ਼ਰੀਕਾ

Saturday, Nov 01, 2025 - 02:51 PM (IST)

ਮਹਿਲਾ ਵਿਸ਼ਵ ਕੱਪ ਫਾਈਨਲ : ਨਵਾਂ ਚੈਂਪੀਅਨ ਆਵੇਗਾ ਸਾਹਮਣੇ, ਇਤਿਹਾਸ ਰਚਣ ਦੀ ਦਹਿਲੀਜ਼ ''ਤੇ ਭਾਰਤ ਅਤੇ ਦੱ. ਅਫ਼ਰੀਕਾ

ਸਪੋਰਟਸ ਡੈਸਕ- ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਜਦੋਂ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਵਿਸ਼ਵ ਕੱਪ ਫਾਈਨਲ ਲਈ ਮੈਦਾਨ 'ਤੇ ਉਤਰੇਗੀ, ਤਾਂ ਉਸ ਦਾ ਸਾਹਮਣਾ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦੱਖਣੀ ਅਫ਼ਰੀਕਾ ਦੀ ਟੀਮ ਨਾਲ ਹੋਵੇਗਾ। ਇਹ ਮੁਕਾਬਲਾ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਨਵੇਂ ਵਿਸ਼ਵ ਚੈਂਪੀਅਨ ਦੇ ਉਭਾਰ ਦਾ ਗਵਾਹ ਬਣੇਗਾ। ਭਾਰਤ ਤੀਜੀ ਵਾਰ (2005 ਅਤੇ 2017 ਤੋਂ ਬਾਅਦ) ਵਿਸ਼ਵ ਕੱਪ ਫਾਈਨਲ ਵਿੱਚ ਖੇਡੇਗਾ, ਜਦੋਂ ਕਿ ਦੱਖਣੀ ਅਫ਼ਰੀਕਾ ਦੀ ਇਹ ਪਹਿਲੀ ਖ਼ਿਤਾਬੀ ਹਾਜ਼ਰੀ ਹੈ।

ਭਾਰਤ ਦੀ ਤਾਕਤ ਅਤੇ ਪ੍ਰਦਰਸ਼ਨ
ਭਾਰਤ ਨੇ ਸੈਮੀਫਾਈਨਲ ਵਿੱਚ ਸੱਤ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 339 ਦੌੜਾਂ ਦਾ ਵਿਸ਼ਾਲ ਟੀਚਾ ਹਾਸਲ ਕਰਕੇ ਹਰਾਇਆ ਸੀ। ਸੈਮੀਫਾਈਨਲ ਵਿੱਚ ਜੇਮਿਮਾ ਰੋਡਰਿਗਜ਼ (ਨਾਬਾਦ 127) ਅਤੇ ਕਪਤਾਨ ਹਰਮਨਪ੍ਰੀਤ ਕੌਰ (89) ਦੀ ਸਾਂਝੇਦਾਰੀ ਨੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ। ਸਮ੍ਰਿਤੀ ਮੰਧਾਨਾ ਵੀ ਸ਼ਾਨਦਾਰ ਫਾਰਮ ਵਿੱਚ ਹੈ, ਜਿਸ ਨੇ ਹੁਣ ਤੱਕ 389 ਦੌੜਾਂ ਬਣਾਈਆਂ ਹਨ ਅਤੇ ਉਹ ਟੂਰਨਾਮੈਂਟ ਵਿੱਚ ਦੂਜੇ ਸਥਾਨ 'ਤੇ ਹੈ। ਗੇਂਦਬਾਜ਼ੀ ਵਿੱਚ ਦੀਪਤੀ ਸ਼ਰਮਾ 17 ਵਿਕਟਾਂ ਨਾਲ ਟੀਮ ਦੀ ਸਭ ਤੋਂ ਵੱਡੀ ਤਾਕਤ ਹੈ, ਜਦੋਂ ਕਿ ਰੇਣੂਕਾ ਸਿੰਘ ਠਾਕੁਰ 'ਤੇ ਸ਼ੁਰੂਆਤੀ ਅਤੇ ਡੈਥ ਓਵਰਾਂ ਵਿੱਚ ਵਿਕਟਾਂ ਲੈਣ ਦੀ ਜ਼ਿੰਮੇਵਾਰੀ ਹੋਵੇਗੀ।

ਦੱਖਣੀ ਅਫ਼ਰੀਕਾ ਦੀ ਚੁਣੌਤੀ 
ਦੱਖਣੀ ਅਫ਼ਰੀਕਾ ਦੀ ਕਪਤਾਨ ਲੌਰਾ ਵੋਲਵਾਰਡਟ 470 ਦੌੜਾਂ ਨਾਲ ਟੂਰਨਾਮੈਂਟ ਵਿੱਚ ਸਿਖਰਲੀ ਰਨ-ਸਕੋਰਰ ਹੈ। ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਵਿੱਚ, ਉਨ੍ਹਾਂ ਨੇ 169 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਤਜਰਬੇਕਾਰ ਆਲਰਾਊਂਡਰ ਮਰਿਜਾਨ ਕਾਪ ਨੇ ਸੈਮੀਫਾਈਨਲ ਵਿੱਚ ਪੰਜ ਵਿਕਟਾਂ ਲੈ ਕੇ ਇੰਗਲੈਂਡ ਨੂੰ ਢੇਰ ਕੀਤਾ ਸੀ।

ਮੌਸਮ ਦਾ ਹਾਲ 
ਨਵੀਂ ਮੁੰਬਈ ਵਿੱਚ ਬਾਰਿਸ਼ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਕਾਰਨ 3 ਨਵੰਬਰ ਨੂੰ ਰਿਜ਼ਰਵ ਡੇ ਰੱਖਿਆ ਗਿਆ ਹੈ। ਜੇਕਰ ਰਿਜ਼ਰਵ ਡੇ 'ਤੇ ਵੀ ਮੈਚ ਨਹੀਂ ਹੋ ਪਾਉਂਦਾ ਹੈ, ਤਾਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਜਾਵੇਗਾ।


author

Tarsem Singh

Content Editor

Related News