Women''s T20 WC : ਦੱਖਣੀ ਅਫ਼ਰੀਕਾ ਫਾਈਨਲ ''ਚ, ਰੋਮਾਂਚਕ ਮੈਚ ''ਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ

Friday, Feb 24, 2023 - 10:01 PM (IST)

ਕੇਪਟਾਊਨ : ਮਹਿਲਾ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਰੋਮਾਂਚਕ ਮੈਚ 'ਚ 6 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਦੱਖਣੀ ਅਫਰੀਕਾ ਨੇ 165 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਇੰਗਲੈਂਡ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਡੇਨੀਅਲ ਵਿਅਟ ਨੇ 30 ਗੇਂਦਾਂ 'ਚ 34 ਦੌੜਾਂ ਬਣਾਈਆਂ ਜਦਕਿ ਸੋਫੀਆ ਡੰਕਲੇ ਨੇ 16 ਗੇਂਦਾਂ 'ਚ 28 ਦੌੜਾਂ ਬਣਾਈਆਂ।

ਐਲਿਸ ਕੈਪਸੀ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਈ ਅਤੇ ਐਮੀ ਜੋਨਸ ਸਿਰਫ਼ 2 ਦੌੜਾਂ 'ਤੇ ਵਿਕਟ ਗੁਆ ਬੈਠੀ। ਇਸ ਤੋਂ ਬਾਅਦ ਨੈਟ ਸਾਇਵਰ-ਬਰੰਟ ਅਤੇ ਹੀਥਰ ਨਾਈਟ ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ। ਹਾਲਾਂਕਿ ਉਹ ਅੰਤ ਤੱਕ ਟਿਕ ਨਹੀਂ ਸਕੇ ਪਰ ਬਰੰਟ ਨੇ 34 ਗੇਂਦਾਂ 'ਤੇ 40 ਦੌੜਾਂ ਬਣਾਈਆਂ ਜਦਕਿ ਨਾਈਟ ਨੇ 25 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੋਫੀ ਏਕਲਸਟੋਨ (1) ਅਤੇ ਕੈਥਰੀਨ ਸਾਇਵਰ-ਬਰੰਟ (0) ਜ਼ਿਆਦਾ ਯੋਗਦਾਨ ਨਹੀਂ ਪਾ ਸਕੀਆਂ।

ਦੱਖਣੀ ਅਫਰੀਕਾ ਲਈ ਅਯਾਬੋਂਗਾ ਖਾਕਾ ਨੇ ਸਭ ਤੋਂ ਵਧੀਆ 4 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੀ ਪਾਰੀ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਡ ਅਤੇ ਤਾਜਮਿਨ ਬ੍ਰਿਟਸ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਵੋਲਵਾਰਡਟ ਨੇ 44 ਗੇਂਦਾਂ 'ਤੇ 53 ਦੌੜਾਂ ਬਣਾਈਆਂ ਜਦਕਿ ਬ੍ਰਿਟਸ ਨੇ 55 ਗੇਂਦਾਂ 'ਤੇ 68 ਦੌੜਾਂ ਬਣਾਈਆਂ।

ਤੀਜੇ ਨੰਬਰ ਦੇ ਬੱਲੇਬਾਜ਼ ਮਾਰਿਜਨ ਕਪ 13 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਅਜੇਤੂ ਰਹੇ। ਕਲੋਏ ਟਰਾਇਓਨ (3), ਨਦੀਨ ਡੀ ਕਲਰਕ (0) ਮੱਧਕ੍ਰਮ 'ਚ ਜ਼ਿਆਦਾ ਕੁਝ ਨਹੀਂ ਕਰ ਸਕੇ। ਅੰਤ ਵਿੱਚ ਕਪਤਾਨ ਸੁਨੇ ਲੂਸ ਨੇ ਅਜੇਤੂ 3 ਦੌੜਾਂ ਬਣਾਈਆਂ। ਗੇਂਦਬਾਜ਼ੀ 'ਚ ਇੰਗਲੈਂਡ ਲਈ ਸੋਫੀ ਏਕਲਸਟੋਨ ਨੇ 3 ਜਦਕਿ ਲਾਰੇਨ ਬੇਲ ਨੇ 1 ਵਿਕਟ ਲਿਆ। ਗੌਰਤਲਬ ਹੈ ਕਿ ਆਸਟ੍ਰੇਲੀਆ ਸੈਮੀਫਾਈਨਲ 'ਚ ਭਾਰਤ ਨੂੰ ਹਰਾ ਕੇ ਪਹਿਲਾਂ ਹੀ ਫਾਈਨਲ 'ਚ ਜਗ੍ਹਾ ਬਣਾ ਚੁੱਕਾ ਹੈ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਣਾ ਹੈ।


Mandeep Singh

Content Editor

Related News