ਮਹਿਲਾ ਪ੍ਰੀਮੀਅਰ ਲੀਗ ਬਦਲੇਗੀ ਲੜਕੀਆਂ ਦੇ ਪ੍ਰਤੀ ਸਮਾਜ ਦੀ ਧਾਰਨਾ
Thursday, Mar 02, 2023 - 02:23 PM (IST)

ਜਲੰਧਰ (ਸਪੋਰਟਸ ਡੈਸਕ)– ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਨੂੰ ਮਹਿਲਾ ਕ੍ਰਿਕਟ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਲੀਗ ਦੇ ਸ਼ੁਰੂਆਤੀ ਪੱਧਰ ’ਚ 5 ਟੀਮਾਂ ਹਿੱਸਾ ਲੈ ਰਹੀਆਂ ਹਨ। ਕੁਲ 90 ਖਿਡਾਰਨਾਂ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿਚ ਕਈ ਭਾਰਤੀ ਖਿਡਾਰਨਾਂ ਪਹਿਲੀ ਵਾਰ ਵੱਡੇ ਪਲੇਟਫਾਰਮ ’ਤੇ ਆਪਣੀ ਪ੍ਰਤਿਭਾ ਦਿਖਾਉਂਦੀਆਂ ਨਜ਼ਰ ਆਉਣਗੀਆਂ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਲੋਂ ਇਸ ਸੈਸ਼ਨ ’ਚ ਖੇਡਣ ਵਾਲੀ ਆਲਰਾਊਂਡਰ ਸ਼੍ਰੇਯਾਂਕਾ ਪਾਟਿਲ ਕਹਿੰਦੀ ਹੈ ਕਿ ਡਬਲਯੂ. ਪੀ. ਐੱਲ. ਦਾ ਹਿੱਸਾ ਬਣਨਾ ਅਸਲ ’ਚ ਰੋਮਾਂਚਕ ਹੈ। ਅਸੀਂ ਸਾਰੇ ਕੁਝ ਸਾਲਾਂ ਤੋਂ ਡਬਲਯੂ. ਪੀ. ਐੱਲ. ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਜਦੋਂ ਇਹ ਇੱਥੇ ਹੈ ਤਾਂ ਮੈਂ ਬਹੁਤ ਉਤਸ਼ਾਹਿਤ ਹਾਂ। ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ ਕ੍ਰਿਕਟ ਦੇਖਣੀ ਸ਼ੁਰੂ ਕੀਤੀ ਸੀ ਤਦ ਤੋਂ ਹੀ ਮੈਂ ਆਰ. ਸੀ. ਬੀ. ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ। ਇਹ ਸੁਪਨਾ ਸੱਚ ਹੋਣ ਵਰਗਾ ਹੈ।
ਇਸੇ ਤਰ੍ਹਾਂ ਗੇਂਦਬਾਜ਼ ਅੰਜਲੀ ਸ਼ਰਵਾਨੀ, ਜਿਸ ਨੂੰ ਯੂ. ਪੀ. ਵਾਰੀਅਰਸ ਨੇ 55 ਲੱਖ ਰੁਪਏ ’ਚ ਖਰੀਦਿਆ ਹੈ, ਨੇ ਕਿਹਾ ਹੈ ਕਿ ਉਹ ਲੀਗ ’ਚ ਖੇਡਣ ਲਈ ਉਤਸ਼ਾਹਿਤ ਹੈ। ਇਹ ਸਾਡੇ ਲਈ ਵੱਖ-ਵੱਖ ਕ੍ਰਿਕਟਰਾਂ ਦੇ ਨਾਲ ਖੇਡਣ ਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਣ ਦਾ ਸਭ ਤੋਂ ਵੱਡਾ ਮੰਚ ਹੈ। ਦੀਪਤੀ ਸ਼ਰਮਾ ਦਾ ਮੰਨਣਾ ਹੈ ਕਿ ਖੇਡ ਦੇ ਪ੍ਰਤੀ ਜਾਗਰੂਕਤਾ ਅਤੇ ਖਾਸ ਤੌਰ ’ਤੇ ਸੋਸ਼ਲ ਮੀਡੀਅਾ ਦੇ ਰਾਹੀਂ ਨੌਜਵਾਨ ਪੀੜ੍ਹੀ ਵਿਚਾਲੇ ਇਸ ਨੂੰ ਪ੍ਰਸਿੱਧ ਬਣਾਇਆ ਹੈ। ਸਮਾਜ ਦੀ ਧਾਰਨਾ ਕਾਫੀ ਬਦਲ ਗਈ ਹੈ। ਕੌਮਾਂਤਰੀ ਪੱਧਰ ’ਤੇ ਸਾਡੇ ਵੱਡੇ ਟੂਰਨਾਮੈਂਟ ਜਿੱਤਣ ਨੇ ਸਾਨੂੰ ਹੋਰਨਾਂ ਟੀਮਾਂ ਨਾਲੋਂ ਵੱਖਰਾ ਕਰ ਦਿੱਤਾ। ਅਸੀਂ ਪ੍ਰਸ਼ੰਸਕਾਂ ਦੇ ਸਮਰਥਨ ਤੋਂ ਬੇਹੱਦ ਖੁਸ਼ ਹਾਂ।
ਲੀਗ ’ਚ ਖੇਡਣ ਨੂੰ ਲੈ ਕੇ ਸੀਨੀਅਰ ਖਿਡਾਰਨਾਂ ਵੀ ਕਾਫੀ ਉਤਸ਼ਾਹਿਤ ਹਨ। ਜੇਮਿਮਾ ਰੋਡ੍ਰਿਗੇਜ਼ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਸ ਨੇ ਪਹਿਲੀ ਵਾਰ ਕ੍ਰਿਕਟ ਸ਼ੁਰੂ ਕੀਤੀ ਸੀ। ਮੈਦਾਨ ’ਤੇ ਉਹ 400 ਲੜਕਿਆਂ ਵਿਚਾਲੇ ਇਕੱਲੀ ਸੀ। ਲੋਕ ਅਕਸਰ ਉਸਦੇ ਮਾਤਾ-ਪਿਤਾ ਨੂੰ ਕਹਿੰਦੇ ਸਨ, ‘‘ਪਤਾ ਨਹੀਂ, ਇਹ ਕੀ ਕ੍ਰਿਕਟ ਖੇਡੇਗੀ। ਇਸ ਨੂੰ ਕੋਈ ਹੋਰ ਖੇਡ ਦਿਓ।’’ ਪਰ ਸਾਰੇ ਆਲੋਚਕਾਂ ਨੂੰ ਗਲਤ ਸਾਬਤ ਕਰਦੇ ਹੋਏ ਜੇਮਿਮਾ ਨੇ 17 ਸਾਲ ਦੀ ਉਮਰ ’ਚ ਭਾਰਤੀ ਕ੍ਰਿਕਟ ਟੀਮ ’ਚ ਡੈਬਿਊ ਕੀਤਾ। 2021 ’ਚ ਜੇਮਿਮਾ ਟੀ-20 ਵਿਚ 1000 ਦੌੜਾਂ ਬਣਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਸੀ।
ਇਸੇ ਤਰ੍ਹਾਂ ਮੰਧਾਨਾ ਨੇ ਇਕ ਵੱਖਰਾ ਤਜਰਬਾ ਸਾਂਝਾ ਕੀਤਾ। ਉਸ ਨੇ ਕਿਹਾ, ‘‘ਮੈਂ ਲੜਕਿਆਂ ਦੇ ਨਾਲ ਟਰੇਨਿੰਗ ਕਰਦੀ ਸੀ। ਮੈਂ ਇਕੱਲੀ ਲੜਕੀ ਸੀ ਤੇ ਕੋਚ ਮੈਨੂੰ ਕਾਫੀ ਤਵੱਜੋ ਦਿੰਦੇ ਸਨ। ਉਹ ਮੈਨੂੰ ਹੋਰ ਵਧੇਰੇ ਅਭਿਆਸ ਕਰਨ, ਵਧੇਰੇ ਬੱਲੇਬਾਜ਼ੀ ਕਰਨ ਲਈ ਉਤਸ਼ਾਹਿਤ ਕਰਦੇ ਸਨ। ਮੰਧਾਨਾ ਤਦ ਤੋਂ 2 ਵਾਰ ਆਈ. ਸੀ. ਸੀ. ‘ਮਹਿਲਾ ਕ੍ਰਿਕਟਰ ਆਫ ਦਿ ਯੀਅਰ’ ਬਣ ਚੁੱਕੀ ਹੈ। ਉਹ ਅਰਜੁਨ ਐਵਾਰਡ ਜੇਤੂ ਵੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ 4 ਮਾਰਚ ਨੂੰ ਸ਼ੁਰੂ ਹੋਣੀ ਹੈ। ਇਸ ਤੋਂ ਪਹਿਲੇ ਸੈਸ਼ਨ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.), ਦਿੱਲੀ ਕੈਪੀਟਲਸ, ਮੁੰਬਈ ਇੰਡੀਅਨਜ਼, ਯੂ. ਪੀ. ਵਾਰੀਅਰਸ ਤੇ ਗੁਜਰਾਤ ਜਾਇੰਟਸ ਵਰਗੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਬੰਗਾਲ ਦੀਆਂ ਖਿਡਾਰਨ ਦਾ ਜਲਵਾ
ਮਹਿਲਾ ਪ੍ਰੀਮੀਅਰ ਲੀਗ ’ਚ ਬੰਗਾਲ ਦੀਆਂ 6 ਖਿਡਾਰਨਾਂ ਹਨ। ਦੀਪਤੀ ਸ਼ਰਮਾ ਤੇ ਰਿਚਾ ਘੋਸ਼ ਨੂੰ ਵੱਡੀ ਰਕਮ ਮਿਲੀ ਹੈ। ਆਲਰਾਊਂਡਰ ਨੂੰ ਜਿੱਥੇ ਯੂ. ਪੀ. ਵਾਰੀਅਰਸ ’ਚ 2.6 ਕਰੋੜ ਦੀ ਰਕਮ ਮਿਲੀ ਹੈ ਤਾਂ ਉੱਥੇ ਹੀ ਭਾਰਤੀ ਟੀਮ ਦੀ ਵਿਕਟਕੀਪਰ-ਬੱਲੇਬਾਜ਼ ਰਿਚਾ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 1.9 ਕਰੋੜ ਰੁਪਏ ਦੀ ਬੋਲੀ ਲਗਾਈ। ਇਸ ਤੋਂ ਇਲਾਵਾ ਬੰਗਾਲ ਤੋਂ ਟੀਟਾ ਸਾਧੂ, ਪ੍ਰਿਯੰਕਾ ਬਾਲਾ, ਸਾਯਕਾ ਇਸ਼ਾਕ ਤੇ ਧਾਰਾ ਗੁਜੱਰ ਵੀ ਡਬਲਯੂ. ਪੀ. ਐੱਲ. ’ਚ ਖੇਡਣਗੀਆਂ। ਫਿਲਹਾਲ, ਟੂਰਨਾਮੈਂਟ ਨੂੰ ਮਹਿਲਾ ਕ੍ਰਿਕਟ ਦੇ ਇਤਿਹਾਸ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਸ ਨਾਲ ਖੇਡ ਦੇ ਇਸ ਪੱਖ ਦਾ ਚਿਹਰਾ ਬਦਲ ਜਾਵੇਗਾ, ਜਿਵੇਂ ਕਿ ਆਈ. ਪੀ. ਐੱਲ. ਨੇ ਭਾਰਤ ਤੇ ਹੋਰਨਾਂ ਸਥਾਨਾਂ ’ਤੇ ਪੁਰਸ਼ਾਂ ਦੀ ਕ੍ਰਿਕਟ ਦੇ ਨਾਲ ਕੀਤਾ ਸੀ।