ਮਹਿਲਾ ਵਨ ਡੇ : ਵੈਸਟਇੰਡੀਜ਼ ਵਿਰੁੱਧ ਭਾਰਤ ਦਾ ਪੱਲੜਾ ਭਾਰੀ
Sunday, Dec 22, 2024 - 11:22 AM (IST)
ਵਡੋਦਰਾ– ਪਿਛਲੇ ਕੁਝ ਸਮੇਂ ਤੋਂ ਚੰਗੀ ਫਾਰਮ ਵਿਚ ਚੱਲ ਰਹੀ ਭਾਰਤੀ ਮਹਿਲਾ ਟੀਮ ਵੈਸਟਇੰਡੀਜ਼ ਵਿਰੁੱਧ ਐਤਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ 3 ਵਨ ਡੇ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਵਿਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ।
ਭਾਰਤ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਮੁੰਬਈ ਵਿਚ ਕੈਰੇਬੀਆਈ ਟੀਮ ਨੂੰ 2-1 ਨਾਲ ਹਰਾ ਕੇ ਪਿਛਲੇ 5 ਸਾਲਾਂ ਵਿਚ ਆਪਣੀ ਪਹਿਲੀ ਘਰੇਲੂ ਟੀ-20 ਲੜੀ ਜਿੱਤੀ ਸੀ। ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਖੇਡੇ ਗਏ ਵਨ ਡੇ ਮੈਚਾਂ ਵਿਚ ਵੀ ਭਾਰਤ ਨੇ 4-1 ਦੀ ਮਹੱਤਵਪੂਰਨ ਬੜ੍ਹਤ ਬਣਾ ਰੱਖੀ ਹੈ।
ਭਾਰਤ ਲਈ ਇਕਲੌਤੀ ਚਿੰਤਾ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦੀ ਫਿਟਨੈੱਸ ਹੋਵੇਗੀ, ਜਿਹੜੀ ਗੋਡੇ ਦੀ ਸੱਟ ਕਾਰਨ ਆਖਰੀ ਦੋ ਟੀ-20 ਮੈਚ ਨਹੀਂ ਖੇਡ ਸਕੀ ਸੀ। ਹਰਮਨਪ੍ਰੀਤ ਦੀ ਗੈਰ-ਹਾਜ਼ਰੀ ਵਿਚ ਸਮ੍ਰਿਤੀ ਮੰਧਾਨਾ ਨੇ ਭਾਰਤ ਦੀ ਅਗਵਾਈ ਕੀਤੀ ਤੇ ਉਸ ਨੇ ਲਗਾਤਾਰ ਤਿੰਨ ਅਰਧ ਸੈਂਕੜੇ ਲਾ ਕੇ ਟੀ-20 ਕੌਮਾਂਤਰੀ ਵਿਚ ਵੀ ਆਪਣੀ ਛਾਪ ਛੱਡੀ। ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਵਨ ਡੇ ਮੈਚਾਂ ਵਿਚ ਵੀ ਇਸੇ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।
ਪਿਛਲੇ 10 ਵਨ ਡੇ ਮੈਚਾਂ ਵਿਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਸ ਵਿਚ ਉਸ ਨੇ 60 ਦੀ ਔਸਤ ਨਾਲ 599 ਦੌੜਾਂ ਬਣਾਈਆਂ ਹਨ। ਹਰਮਨਪ੍ਰੀਤ ਤੇ ਮੰਧਾਨਾ ਤੋਂ ਇਲਾਵਾ ਭਾਰਤੀ ਟੀਮ ਕੋਲ ਕੁਝ ਹੋਰ ਉਪਯੋਗੀ ਬੱਲੇਬਾਜ਼ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਆਪਣੇ ਪ੍ਰਦਰਸ਼ਨ ਤਾਲ ਵਿਸ਼ੇਸ਼ ਛਾਪ ਛੱਡੀ ਹੈ।
ਜੇਮਿਮਾ ਰੋਡ੍ਰਿਗੇਜ਼ ਚੰਗੀ ਫਾਰਮ ਵਿਚ ਹੈ ਜਦਕਿ ਰਿਚਾ ਘੋਸ਼ ਨੇ ਤੀਜੇ ਟੀ-20 ਵਿਚ ਸ਼ਾਨਦਾਰ ਅਰਧ ਸੈਂਕੜਾ ਲਾਇਆ ਸੀ। ਤੇਜਲ ਹਸਬ੍ਰਿੰਸ ਤੇ ਹਰਲੀਨ ਦਿਓਲ ਦੇ ਜੁੜਨ ਨਾਲ ਮੱਧਕ੍ਰਮ ਨੂੰ ਹੋਰ ਵੱਧ ਮਜ਼ਬੂਤੀ ਮਿਲੇਗੀ।
ਭਾਰਤ ਦੀ ਗੇਂਦਬਾਜ਼ੀ ਇਕਾਈ ਵਿਚ ਨੌਜਵਾਨ ਤੇ ਤਜਰਬੇ ਦਾ ਚੰਗਾ ਮਿਸ਼ਰਣ ਹੈ ਤੇ ਉਹ ਉੱਥੇ ਨਵੇਂ ਬਣੇ ਕੋਟਾਂਬੀ ਸਟੇਡੀਅਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਇਹ ਸਟੇਡੀਅਮ ਆਪਣੇ ਪਹਿਲੇ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕਰੇਗਾ। ਪਿਛਲੇ 10 ਮੈਚਾਂ ਵਿਚ 15 ਵਿਕਟਾਂ ਲੈਣ ਵਾਲੀ ਦੀਪਤੀ ਸ਼ਰਮਾ, ਰੇਣੂਕਾ ਸਿੰਘ ਤੇ ਸਾਈਮਾ ਠਾਕੋਰ ਵੈਸਟਇੰਡੀਜ਼ ਦੀਆਂ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।
ਭਾਰਤ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨ ਲਈ ਵੈਸਟਇੰਡੀਜ਼ ਦੀ ਸਭ ਤੋਂ ਵੱਡੀ ਉਮੀਦ ਕਪਤਾਨ ਹੈਲੀ ਮੈਥਿਊਜ਼, ਤਜਰਬੇਕਾਰ ਡਿਆਂਡ੍ਰਾ ਡੌਟਿਨ ਤੇ ਸ਼ੇਮਾਇਨ ਕੈਂਪਬੇਲ ਹੋਵੇਗੀ। ਮੈਥਿਊਜ਼ ਨੇ ਇਸ ਸੈਸ਼ਨ ਵਿਚ 7 ਮੈਚਾਂ ਵਿਚ 45 ਦੀ ਔਸਤ ਨਾਲ 308 ਦੌੜਾਂ ਬਣਾਈਆਂ ਹਨ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ-ਹਰਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨ (ਉਪ ਕਪਤਾਨ), ਪ੍ਰਤਿਕਾ ਰਾਵਲ, ਜੇਮਿਮਾ ਰੋਡ੍ਰਿਗਜ਼, ਹਰਲੀਨ ਦਿਓਲ, ਰਿਚਾ ਘੋਸ਼ (ਵਿਕਟਕੀਪਰ), ਉਮਾ ਸ਼ੇਤਰੀ (ਵਿਕਟਕੀਪਰ), ਤੇਜਲ ਹਸਬ੍ਰਿੰਸ, ਦੀਪਤੀ ਸ਼ਰਮਾ, ਮੀਨੂ ਮਣੀ, ਪ੍ਰਿਯਾ ਮਿਸ਼ਰਾ, ਤਨੁਜਾ ਕੰਵੇਰ, ਟਿਟਾਸ ਸਾਧੂ, ਸਾਇਮਾ ਠਾਕੁਰ, ਰੇਣੂਕਾ ਸਿੰਘ ਠਾਕੁਰ।
ਵੈਸਟਇੰਡੀਜ਼ : ਹੈਲੀ ਮੈਥਿਊਜ਼ (ਕਪਤਾਨ), ਸ਼ੇਮਾਇਨ ਕੈਂਪਬੇਲ (ਉਪ ਕਪਤਾਨ), ਆਲੀਆ ਅਲੇਨੇ, ਸ਼ਮਿਲਿਆ ਕਾਨੇਲ, ਨੇਰਿਸਾ ਕ੍ਰਾਫਟਨ, ਡਿਆਂਡ੍ਰਾ ਡੌਟਿਨ, ਅਫੀ ਫਲੇਚਰ, ਸ਼ਬਿਕਾ ਗਜ਼ਨਬੀ, ਚਿਨੇਲੇ ਹੈਨਰੀ, ਜ਼ੈਦਾ ਜੇਮਸ, ਕਿਆਨਾ ਜੋਸੇਫ, ਮੈਂਡੀ ਮੰਗਰੂ, ਅਸ਼ਮਿਨੀ ਮੁਨਿਸਰ, ਕ੍ਰਿਸ਼ਮਾ ਰਾਮਹਰੈਕ, ਰਾਸ਼ਦਾ ਵਿਲੀਅਮਸ।