ਹਰਪ੍ਰੀਤ ਬਰਾੜ ਦੀ ਗੇਂਦਬਾਜ਼ੀ ਨਾਲ ਬੰਗਾਲ ਨੂੰ 1 ਵਿਕਟ ਨਾਲ ਹਰਾਇਆ

Tuesday, Feb 05, 2019 - 09:56 PM (IST)

ਹਰਪ੍ਰੀਤ ਬਰਾੜ ਦੀ ਗੇਂਦਬਾਜ਼ੀ ਨਾਲ ਬੰਗਾਲ ਨੂੰ 1 ਵਿਕਟ ਨਾਲ ਹਰਾਇਆ

ਪਟਿਆਲਾ (ਜ. ਬ.)— ਕਰਨਲ ਸੀ. ਕੇ. ਨਾਇਡੂ ਟਰਾਫੀ  ਦੇ ਖੇਡੇ ਗਏ ਫਾਈਨਲ ਮੈਚ ਵਿਚ ਹਰਪ੍ਰੀਤ ਬਰਾੜ ਦੀ ਗੇਂਦਬਾਜ਼ੀ ਨਾਲ ਬੰਗਾਲ ਨੂੰ 1 ਵਿਕਟ ਨਾਲ ਹਰਾ ਕੇ ਪੰਜਾਬ ਚੈਂਪੀਅਨ ਬਣ ਗਿਆ। ਹਰਪ੍ਰੀਤ ਬਰਾੜ ਨੇ 2 ਦਿਨਾਂ ਵਿਚ ਕੁਲ 12 ਵਿਕਟਾਂ ਲਈਆਂ। ਇਸ ਤੋਂ ਇਲਾਵਾ ਬੰਗਾਲ ਦੇ ਸ਼੍ਰੇਅਨ ਚੱਕਰਵਰਤੀ ਨੇ ਵੀ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਕੁਲ 10 ਵਿਕਟਾਂ ਹਾਸਲ ਕੀਤੀਆਂ। ਕੋਚ ਸੁਨੀਲ ਸੱਗੀ ਦੀ ਟਰੇਨਿੰਗ ਵਾਲੀ ਮਹਿਮਾਨ ਟੀਮ ਨੇ ਪਹਿਲੀ ਪਾਰੀ ਵਿਚ 191 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿਚ ਟੀਮ 76 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਪੰਜਾਬ ਦੀ ਟੀਮ ਪਹਿਲੀ ਪਾਰੀ ਵਿਚ 133 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ ਤੇ 58 ਦੌੜਾਂ ਨਾਲ ਪਿੱਛੇ ਚੱਲ ਰਹੀ ਸੀ। ਇਸ ਦੇ ਨਾਲ ਪੰਜਾਬ ਨੂੰ 135 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਸ ਨੇ 30 ਓਵਰਾਂ ਵਿਚ 9 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਾਲ ਦੀ ਟੀਮ ਲਈ ਸਭ ਤੋਂ ਵੱਧ 23 ਦੌੜਾਂ ਰਿਤਵਿਕ ਰਾਏ ਚੌਧਰੀ ਨੇ ਬਣਾਈਆਂ, ਜਦਕਿ ਇਸ ਦੌਰਾਨ ਹਰਪ੍ਰੀਤ ਬਰਾੜ ਨੇ ਸਿਰਫ 23 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਸਿੰਘ ਨੇ 9 ਦੌੜਾਂ ਦੇ ਕੇ 1, ਅਕੁਲ ਪਾਂਡਵ ਨੇ 25 ਦੌੜਾਂ ਦੇ ਕੇ 1 ਤੇ ਅਨਮੋਲਪ੍ਰੀਤ ਨੇ 15 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। 
ਜਵਾਬੀ ਪਾਰੀ 'ਚ ਪੰਜਾਬ ਦੀ ਟੀਮ ਨੇ 137 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਟੀਮ ਲਈ ਅਨਮੋਲਪ੍ਰੀਤ ਸਿੰਘ ਨੇ 32 ਦੌੜਾਂ ਜੋੜੀਆਂ। ਉਥੇ ਹੀ ਹਰਪ੍ਰੀਤ ਬਰਾੜ ਨੇ ਬੱਲੇ ਨਾਲ ਵੀ ਟੀਮ ਦੇ ਸਕੋਰ ਵਿਚ 20 ਦੌੜਾਂ ਦਾ ਸਹਿਯੋਗ ਦਿੱਤਾ। ਹਿਮਾਂਸ਼ੂ ਸ਼ਰਮਾ ਨੇ 22 ਦੌੜਾਂ ਬਣਾਈਆਂ। ਬੰਗਾਲ ਦੇ ਸ਼੍ਰੇਅਨ ਚਕਰਵਰਤੀ ਨੇ 56 ਦੌੜਾਂ ਦੇ ਕੇ 6, ਆਮਿਰ ਗਨੀ ਨੇ 70 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। 


Related News