ਵਿੰਬਲਡਨ 2024 : ਕਾਰਲੋਸ ਅਲਕਾਰਜ਼ ਨੇ ਸਿੱਧੇ ਸੈੱਟਾਂ ''ਚ ਪਹਿਲਾ ਰਾਊਂਡ ਜਿੱਤਿਆ
Tuesday, Jul 02, 2024 - 11:29 AM (IST)
ਲੰਡਨ— ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਜ਼ ਨੇ ਸੋਮਵਾਰ ਨੂੰ ਵਿੰਬਲਡਨ ਦੇ ਪਹਿਲੇ ਦੌਰ 'ਚ ਕੁਆਲੀਫਾਇਰ ਮਾਰਕ ਲਾਜ਼ਲ 'ਤੇ ਸਿੱਧੇ ਸੈੱਟਾਂ 'ਚ 7-6 (3), 7-5, 6-2 ਨਾਲ ਜਿੱਤ ਦਰਜ ਕੀਤੀ। ਵਿਸ਼ਵ ਰੈਂਕਿੰਗ 'ਚ 269ਵੇਂ ਸਥਾਨ 'ਤੇ ਕਾਬਜ਼ ਖਿਡਾਰੀ ਲਾਜ਼ਲ ਨੇ ਹਾਲਾਂਕਿ ਪਹਿਲੇ ਦੋ ਸੈੱਟਾਂ 'ਚ ਸਪੈਨਿਸ਼ ਖਿਡਾਰੀ ਨੂੰ ਸਖਤ ਟੱਕਰ ਦਿੱਤੀ। ਤੀਜਾ ਦਰਜਾ ਪ੍ਰਾਪਤ 21 ਸਾਲਾ ਅਲਕਾਰਜ਼ ਨੇ ਵੀ ਮੰਨਿਆ ਕਿ ਇਸਟੋਨੀਅਨ ਖਿਡਾਰੀ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।
ਤਿੰਨ ਹਫ਼ਤੇ ਪਹਿਲਾਂ ਫ੍ਰੈਂਚ ਓਪਨ ਵਿੱਚ ਆਪਣੀ ਤੀਜੀ ਵੱਡੀ ਚੈਂਪੀਅਨਸ਼ਿਪ ਜਿੱਤਣ ਵਾਲੇ ਅਲਕਾਰਜ਼ ਨੇ ਪਿਛਲੇ ਸਾਲ ਵਿੰਬਲਡਨ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ, ਪਰ ਕਿਹਾ ਕਿ ਉਹ ਸੋਮਵਾਰ ਦੇ ਮੈਚ ਤੋਂ ਪਹਿਲਾਂ ਘਬਰਾਏ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਕੋਰਟ 'ਤੇ ਉਤਰਿਆ ਮੇਰੇ ਰੋਂਗਟੇ ਖੜ੍ਹੇ ਹੋ ਗਏ। ਮੈਨੂੰ ਪਿਛਲੇ ਸਾਲ ਦੀ ਯਾਦ ਆ ਗਈ। ਇਹ ਬਹੁਤ ਵਧੀਆ ਅਹਿਸਾਸ ਸੀ। ਪੁਰਸ਼ ਸਿੰਗਲਜ਼ ਦੇ ਹੋਰ ਮੈਚਾਂ ਵਿੱਚ ਪੰਜਵਾਂ ਦਰਜਾ ਪ੍ਰਾਪਤ ਡੈਨੀਲ ਮੇਦਵੇਦੇਵ ਨੇ ਅਲੈਗਜ਼ੈਂਡਰ ਕੋਵਾਸਿਕ ਨੂੰ 6-3, 6-4, 6-2 ਨਾਲ ਅਤੇ ਅੱਠਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨੇ ਐਲੇਕਸ ਬੋਲਟ ਨੂੰ 7-6(2), 6-4, 6-2 ਨਾਲ ਹਰਾਇਆ।
ਗੈਰ ਦਰਜਾ ਪ੍ਰਾਪਤ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ 19ਵੇਂ ਨੰਬਰ ਦੇ ਨਿਕੋਲਸ ਜੈਰੀ ਨੂੰ 6-1, 7-5, 6-4 ਨਾਲ ਹਰਾਇਆ। ਮਾਰੀਆ ਸਕਕਾਰੀ ਨੇ ਆਪਣੇ ਸ਼ੁਰੂਆਤੀ ਮਹਿਲਾ ਸਿੰਗਲਜ਼ ਮੈਚ ਵਿੱਚ ਮੈਕਾਰਟਨੀ ਕੇਸਲਰ ਨੂੰ ਆਰਾਮ ਨਾਲ 6-3, 6-1 ਨਾਲ ਹਰਾਇਆ। ਪਿਛਲੇ ਮਹੀਨੇ ਫਰੈਂਚ ਓਪਨ ਵਿੱਚ ਉਪ ਜੇਤੂ ਰਹੀ ਸੱਤਵਾਂ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਆਪਣੀ ਚੌਥੀ ਕੋਸ਼ਿਸ਼ ਵਿੱਚ ਪਹਿਲੀ ਵਾਰ ਵਿੰਬਲਡਨ ਦਾ ਪਹਿਲਾ ਦੌਰ ਪਾਰ ਕਰਨ ਵਿੱਚ ਸਫ਼ਲ ਰਹੀ। ਇਸ ਇਤਾਲਵੀ ਖਿਡਾਰਨ ਨੇ ਸਾਰਾ ਸੋਰੀਬੇਸ ਟੋਰਮੋ ਨੂੰ 7-5, 6-3 ਨਾਲ ਹਰਾਇਆ।