ਫਲਾਪ ਖਿਡਾਰੀਆਂ ਦੀ ਛੁੱਟੀ ਤੇ ਨਵੇਂ ਸੂਰਮਿਆਂ ਦੀ ਐਂਟਰੀ, ਕੀ ਇਸ ਵਾਰ ਬਦਲੇਗੀ ਪੰਜਾਬ ਕਿੰਗਜ਼ ਦੀ ਕਿਸਮਤ ?

Monday, Mar 23, 2026 - 03:33 PM (IST)

ਫਲਾਪ ਖਿਡਾਰੀਆਂ ਦੀ ਛੁੱਟੀ ਤੇ ਨਵੇਂ ਸੂਰਮਿਆਂ ਦੀ ਐਂਟਰੀ, ਕੀ ਇਸ ਵਾਰ ਬਦਲੇਗੀ ਪੰਜਾਬ ਕਿੰਗਜ਼ ਦੀ ਕਿਸਮਤ ?

ਨਵੀਂ ਦਿੱਲੀ– ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਦਾ ਕਹਿਣਾ ਹੈ ਕਿ ਨਿਲਾਮੀ ’ਚ ਸਮਝਦਾਰੀ ਭਰੇ ਤੇ ਸਾਹਸੀ ਫੈਸਲੇ ਲੈਣ ਤੋਂ ਬਾਅਦ ਪੰਜਾਬ ਕਿੰਗਜ਼ ਹੁਣ ‘ਸਹੀ ਦਿਸ਼ਾ ’ਚ ਅੱਗੇ ਵਧ ਰਹੀ ਹੈ’ ਜਿਸ ਨਾਲ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਲਈ ਉਸ ਦਾ ਲੰਬਾ ਇੰਤਜ਼ਾਰ ਖਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਪਠਾਨ ਨੇ ਕਿਹਾ ਕਿ ਲੀਡਰਸ਼ਿਪ ’ਚ ਸਪੱਸ਼ਟਤਾ ਤੇ ਚੰਗੀ ਟੀਮ ਦੀ ਚੋਣ ਕਰਨ ਨਾਲ ਪੰਜਾਬ ਬਿਹਤਰ ਪ੍ਰਦਰਸ਼ਨ ਕਰਨ ਲੱਗ ਪਿਆ ਹੈ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਇਹ ਟੀਮ ਪਿਛਲੇ ਸਾਲ ਉਪ ਜੇਤੂ ਰਹੀ ਸੀ।

ਉਸ ਨੇ ਕਿਹਾ,‘‘ਪੰਜਾਬ ਲਈ ਟੀਮ ਨੂੰ ਨਵਾਂ ਸਰੂਪ ਦੇਣ ’ਚ ਉਸ ਦੀ ਲੀਡਰਸ਼ਿਪ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਤੁਸੀਂ ਆਈ. ਪੀ. ਐੱਲ. ਦੇ ਅੱਧੇ ਮੈਚ ਨਿਲਾਮੀ ’ਚ ਜਿੱਤਦੇ ਹੋ। ਵੱਡੀ ਰਕਮ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹਮੇਸ਼ਾ ਉਹੀ ਮਿਲੇਗਾ ਜਿਹੜਾ ਤੁਸੀਂ ਚਾਹੁੰਦੇ ਹੋ ਪਰ ਉਸ ਨੂੰ ਉਹੀ ਮਿਲਿਆ ਤੇ ਉਹ ਫਾਈਨਲ ਤੱਕ ਪਹੁੰਚੇ।’’

ਪਠਾਨ ਨੇ ਕਿਹਾ ਕਿ ਪੰਜਾਬ ਕਿੰਗਜ਼ ਨੇ ਗਲੇਨ ਮੈਕਸਵੈੱਲ ਵਰਗੇ ਖਰਾਬ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਾਹਰ ਕਰਨ ਦਾ ਸਖਤ ਫੈਸਲਾ ਕੀਤਾ ਤੇ ਆਪਣੀ ਬੈਂਚ ਸਟ੍ਰੈਂਥ ਵੀ ਮਜ਼ਬੂਤ ਕੀਤੀ।

ਉਸ ਨੇ ਕਿਹਾ, ‘‘ਪੰਜਾਬ ਕਿੰਗਜ਼ ਨੇ ਕੁਝ ਸਾਹਸੀ ਪਰ ਮਹੱਤਵਪੂਰਨ ਫੈਸਲੇ ਕੀਤੇ। ਹੁਣ ਉਸ ਕੋਲ ਅਜ਼ਮਤੁੱਲਾ ਉਮਰਜ਼ਈ, ਮਾਰਕੋ ਯਾਨਸੇਨ ਤੇ ਮਾਰਕਸ ਸਟੋਇੰਸ ਵਰਗੇ ਆਲਰਾਊਂਡਰ ਅਤੇ ਚੰਗੇ ਨੌਜਵਾਨ ਭਾਰਤੀ ਬੱਲੇਬਾਜ਼ ਹਨ। ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਉਣ ਦਾ ਫੈਸਲਾ ਕਰਨ ਤੋਂ ਬਾਅਦ ਉਸ ਨੇ ਉਸ ’ਤੇ ਪੂਰਾ ਭਰੋਸਾ ਜਤਾਇਆ। ਟੀਮ ’ਚ ਸਪੱਸ਼ਟਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਹੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।’’


author

Tarsem Singh

Content Editor

Related News