IPL 2026: ਕੋਨੋਲੀ ਨੇ ਗੁਜਰਾਤ ਦੀਆਂ ਉਮੀਦਾਂ ''ਤੇ ਫੇਰਿਆ ਪਾਣੀ, 3 ਵਿਕਟਾਂ ਨਾਲ ਜਿੱਤੀ ਪੰਜਾਬ ਕਿੰਗਜ਼
Tuesday, Mar 31, 2026 - 11:32 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਚੌਥੇ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਪੰਜਾਬ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਕੂਪਰ ਕੋਨੋਲੀ ਰਹੇ, ਜਿਨ੍ਹਾਂ ਨੇ ਗੁਜਰਾਤ ਦੇ ਗੇਂਦਬਾਜ਼ਾਂ ਦੀ ਰੇਲ ਬਣਾਈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਸ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ 39 ਅਤੇ ਜੋਸ ਬਟਲਰ ਨੇ 38 ਦੌੜਾਂ ਦੀ ਸੂਝਵਾਨ ਪਾਰੀ ਖੇਡੀ। ਪੰਜਾਬ ਕਿੰਗਜ਼ ਵੱਲੋਂ ਗੇਂਦਬਾਜ਼ੀ ਵਿੱਚ ਵਿਜੇ ਕੁਮਾਰ ਵੈਸ਼ਾਕ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 34 ਦੌੜਾਂ ਦੇ ਕੇ 3 ਅਹਿਮ ਵਿਕਟਾਂ ਝਟਕਾਈਆਂ। ਦਿੱਗਜ ਸਪਿਨਰ ਯੁਜ਼ਵਿੰਦਰ ਚਹਿਲ ਨੇ ਵੀ 28 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਧੀਮੀ ਰਹੀ ਅਤੇ ਪ੍ਰਿਆਂਸ਼ ਆਰਿਆ (7) ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਕੂਪਰ ਕੋਨੋਲੀ ਅਤੇ ਪ੍ਰਭਸਿਮਰਨ ਸਿੰਘ (37) ਨੇ ਪਾਰੀ ਨੂੰ ਸੰਭਾਲਿਆ ਅਤੇ ਪਾਵਰਪਲੇ ਵਿੱਚ ਸਕੋਰ 55/1 ਤੱਕ ਪਹੁੰਚਾ ਦਿੱਤਾ। ਕੂਪਰ ਕੋਨੋਲੀ ਨੇ ਮਹਿਜ਼ 44 ਗੇਂਦਾਂ ਵਿੱਚ 72 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 5 ਆਸਮਾਨੀ ਛੱਕੇ ਸ਼ਾਮਲ ਸਨ।
ਮੈਚ ਦੇ ਅੰਤ ਵਿੱਚ ਗੁਜਰਾਤ ਦੇ ਗੇਂਦਬਾਜ਼ਾਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। ਪ੍ਰਸਿੱਧ ਕ੍ਰਿਸ਼ਨਾ ਨੇ ਇੱਕ ਹੀ ਓਵਰ ਵਿੱਚ ਸ਼ਸ਼ਾਂਕ ਸਿੰਘ ਅਤੇ ਮਾਰਕਸ ਸਟੋਇਨਿਸ ਨੂੰ ਆਊਟ ਕਰਕੇ ਪੰਜਾਬ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਸੀ। ਜਦੋਂ 15 ਗੇਂਦਾਂ ਵਿੱਚ 19 ਦੌੜਾਂ ਦੀ ਲੋੜ ਸੀ, ਤਾਂ ਜੇਵੀਅਰ ਬਾਰਟਲੇਟ ਨੇ ਕੁਝ ਚੰਗੇ ਸ਼ਾਟ ਲਗਾ ਕੇ ਪੰਜਾਬ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਪੰਜਾਬ ਨੇ 5 ਵਿਕਟਾਂ ਰਹਿੰਦਿਆਂ ਹੀ ਟੀਚਾ ਹਾਸਲ ਕਰਕੇ ਟੂਰਨਾਮੈਂਟ ਵਿੱਚ ਅਹਿਮ ਅੰਕ ਜੁਟਾਏ।
