ਖਿਡਾਰੀਆਂ ਨੂੰ ਇੰਗਲੈਂਡ ਦੌਰੇ ਲਈ ਮਜਬੂਰ ਨਹੀਂ ਕਰਾਂਗੇ : ਹੋਲਡਰ
Wednesday, May 20, 2020 - 11:20 AM (IST)

ਲੰਡਨ– ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਵਿਚਾਲੇ ਅਾਪਣੇ ਖਿਡਾਰੀਆਂ ਨੂੰ 3 ਟੈਸਟ ਮੈਚਾਂ ਦੇ ਇੰਗਲੈਂਡ ਦੌਰੇ ’ਤੇ ਜਾਣ ਲਈ ਮਜਬੂਰ ਨਹੀਂ ਕਰਨਗੇ। ਵੈਸਟਇੰਡੀਜ਼ ਨੂੰ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 4 ਜੂਨ ਤੋਂ ਇੰਗਲੈਂਡ ਵਿਚ ਟੈਸਟ ਲੜੀ ਖੇਡਣੀ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਮੁਲਤਵੀ ਕਰਨਾ ਪਿਆ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਹਾਲਾਂਕਿ ਉਮੀਦ ਹੈ ਕਿ ਉਹ ਜੁਲਾਈ ਵਿਚ ਇਸ ਲੜੀ ਨੂੰ ਆਯੋਜਿਤ ਕਰਕੇ ਆਪਣਾ ਸੈਸ਼ਨ ਸ਼ੁਰੂ ਕਰ ਸਕਦੇ ਹਨ।
ਹੋਲਡਰ ਨੇ ਕਿਹਾ,‘‘ਕੋਈ ਵੀ ਕਦਮ ਚੁੱਕਦੇ ਹੋਏ ਹਰੇਕ ਖਿਡਾਰੀ ਨੂੰ ਸਹਿਜ ਹੋਣਾ ਚਾਹੀਦਾ ਹੈ। ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਅਸੀਂ ਇੰਗਲੈਂਡ ਵਿਚ ਖੇਡਣ ਜਾਣਾ ਹੈ ਤਾਂ ਅਜਿਹਾ ਕਰਨਾ ਸੁਰੱਖਿਅਤ ਹੋਣਾ ਚਾਹੀਦਾ ਹੈ। ਉਸ ਨੇ ਕਿਹਾ,‘‘ਮੇਰੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਨਿਸ਼ਚਿਤ ਤੌਰ ’ਤੇ ਮੈਂ ਕਿਸੇ ਨੂੰ ਵੀ ਕਿਤੇ ਵੀ ਜਾਣ ਲਈ ਮਜਬੂਰ ਨਹੀਂ ਕਰਾਂਗਾ।’’ ਪਿਛਲੇ ਹਫਤੇ ਈ. ਸੀ. ਬੀ. ਦੇ ਡਾਈਰੈਕਟਰ ਐਸ਼ਲੇ ਜਾਇਲਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹਾ ਮਾਹੌਲ ਤਿਆਰ ਕਰਨਾ ਪਵੇਗਾ, ਜਿੱਥੇ ਵੈਸਟਇੰਡੀਜ਼ ਤੇ ਪਾਕਿਸਤਾਨ ਦੋਵੇਂ ਬ੍ਰਿਟੇਨ ਦਾ ਦੌਰਾ ਕਰਦੇ ਹੋਏ ਸੁਰੱਖਿਅਤ ਮਹਿਸੂਸ ਕਰਨ। ਜਾਇਲਸ ਨੇ ਭਰੋਸਾ ਦਿੱਤਾ ਸੀ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਜ਼ੋਖਿਮ ਦਾ ਪੂਰੀ ਤਰ੍ਹਾਂ ਨਾਲ ਮੁਲਾਂਕਣ ਕੀਤਾ ਜਾਵੇਗਾ।