ਜਾਇਸਵਾਲ ਤੇ ਉਨਾਦਕਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੱਛਮੀ ਖੇਤਰ ਨੇ ਜਿੱਤਿਆ ਦਲੀਪ ਟਰਾਫੀ ਦਾ ਖ਼ਿਤਾਬ
Monday, Sep 26, 2022 - 03:19 PM (IST)

ਕੋਇੰਬਟੂਰ- ਪੱਛਮੀ ਖੇਤਰ ਨੇ ਪਹਿਲੀ ਪਾਰੀ ਵਿਚ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਐਤਵਾਰ ਨੂੰ ਇੱਥੇ ਫਾਈਨਲ ਵਿਚ ਦੱਖਣੀ ਖੇਤਰ ਨੂੰ 294 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਦਲੀਪ ਟਰਾਫੀ ਆਪਣੇ ਨਾਂ ਕੀਤੀ। ਦੱਖਣੀ ਖੇਤਰ ਨੇ 529 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਆਪਣੀ ਦੂਜੀ ਪਾਰੀ ਛੇ ਵਿਕਟਾਂ 'ਤੇ 154 ਦੌੜਾਂ ਤੋਂ ਅੱਗੇ ਵਧਾਈ ਤੇ ਉਸ ਦੀ ਪੂਰੀ ਟੀਮ 234 ਦੌੜਾਂ 'ਤੇ ਆਊਟ ਹੋ ਗਈ। ਬੱਲੇਬਾਜ਼ ਰਵੀ ਤੇਜਾ ਨੇ 53 ਦੌੜਾਂ ਬਣਾਈਆਂ ਪਰ ਇਸ ਨਾਲ ਉਹ ਹਾਰ ਦਾ ਫ਼ਰਕ ਹੀ ਘੱਟ ਕਰ ਸਕੇ।
ਪੱਛਮੀ ਖੇਤਰ ਵੱਲੋਂ ਖੱਬੇ ਹੱਥ ਦੇ ਸਪਿਨਰ ਸ਼ਮਸ ਮੁਲਾਨੀ ਨੇ 51 ਦੌੜਾਂ ਤੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਜੈਦੇਵ ਉਨਾਦਕਟ ਤੇ ਅਤੀਤ ਸੇਠ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਪੱਛਮੀ ਖੇਤਰ ਦੀ ਇਸ ਵੱਡੀ ਜਿੱਤ ਵਿਚ ਯਸ਼ਸਵੀ ਜਾਇਸਵਾਲ (ਦੂਜੀ ਪਾਰੀ ਵਿਚ 265 ਦੌੜਾਂ) ਤੇ ਸਰਫ਼ਰਾਜ਼ ਖ਼ਾਨ (ਦੂਜੀ ਪਾਰੀ ਵਿਚ 127 ਦੌੜਾਂ) ਤੇ ਉਨਾਦਕਟ ਦੀ ਅਗਵਾਈ ਵਾਲੇ ਗੇਂਦਬਾਜ਼ੀ ਹਮਲੇ ਨੇ ਅਹਿਮ ਭੂਮਿਕਾ ਨਿਭਾਈ। ਪਹਿਲੀ ਪਾਰੀ ਵਿਚ 57 ਦੌੜਾਂ ਨਾਲ ਪੱਛੜਨ ਤੋਂ ਬਾਅਦ ਪੱਛਮੀ ਖੇਤਰ ਨੇ ਆਪਣੀ ਦੂਜੀ ਪਾਰੀ ਨੂੰ ਚਾਰ ਵਿਕਟਾਂ 'ਤੇ 585 ਦੌੜਾਂ ਦੇ ਵੱਡੇ ਸਕੋਰ 'ਤੇ ਖ਼ਤਮ ਕੀਤਾ।