ਕਾਰਟੀ ਅਤੇ ਕਿੰਗ ਦੇ ਸੈਂਕੜੇ, ਵੈਸਟਇੰਡੀਜ਼ ਨੇ ਇੰਗਲੈਂਡ ਤੋਂ ਜਿੱਤੀ ਸੀਰੀਜ਼
Thursday, Nov 07, 2024 - 03:36 PM (IST)
ਬ੍ਰਿਜਟਾਊਨ (ਬਾਰਬਾਡੋਸ)- ਕੀਸੀ ਕਾਰਟੀ ਅਤੇ ਬ੍ਰੈਂਡਨ ਕਿੰਗ ਦੇ ਸੈਂਕੜਿਆਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਤੀਸਰੇ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਕ੍ਰਿਕਟ ਮੈਚ ਮੈਚ 'ਚ ਸੱਤ ਓਵਰ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਓਪਨਰ ਕਿੰਗ ਨੇ 117 ਗੇਂਦਾਂ 'ਤੇ 13 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 102 ਦੌੜਾਂ ਬਣਾਈਆਂ ਜਦਕਿ ਕਾਰਟੀ ਨੇ 114 ਗੇਂਦਾਂ 'ਤੇ ਅਜੇਤੂ 128 ਦੌੜਾਂ ਬਣਾਈਆਂ, ਜਿਸ 'ਚ 15 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 209 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ 43 ਓਵਰਾਂ 'ਚ ਦੋ ਵਿਕਟਾਂ 'ਤੇ 267 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 24 ਦੌੜਾਂ 'ਤੇ ਚਾਰ ਵਿਕਟਾਂ ਗੁਆਉਣ ਦੇ ਬਾਵਜੂਦ ਇੰਗਲੈਂਡ ਨੇ ਚੰਗੀ ਵਾਪਸੀ ਕਰਦੇ ਹੋਏ ਅੱਠ ਵਿਕਟਾਂ 'ਤੇ 263 ਦੌੜਾਂ ਬਣਾਈਆਂ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਫਿਲ ਸਾਲਟ (74) ਅਤੇ ਡੈਨ ਮੌਸਲੇ (57) ਨੇ ਅਰਧ ਸੈਂਕੜੇ ਲਗਾਏ। ਸੈਮ ਕੁਰੇਨ ਨੇ 40 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਜੈਮੀ ਓਵਰਟਨ ਨੇ 21 ਗੇਂਦਾਂ 'ਤੇ 32 ਦੌੜਾਂ ਅਤੇ ਜੋਫਰਾ ਆਰਚਰ ਨੇ 17 ਗੇਂਦਾਂ 'ਤੇ ਨਾਬਾਦ 38 ਦੌੜਾਂ ਬਣਾਈਆਂ। ਇਸ ਨਾਲ ਇੰਗਲੈਂਡ ਨੇ ਆਖਰੀ 10 ਓਵਰਾਂ 'ਚ 100 ਦੌੜਾਂ ਜੋੜੀਆਂ।