ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਲੜੀ ਜਿੱਤੀ

Monday, Aug 26, 2024 - 06:22 PM (IST)

ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਲੜੀ ਜਿੱਤੀ

ਤਰੌਬਾ (ਤ੍ਰਿਨੀਦਾਦ)– ਵੈਸਟਇੰਡੀਜ਼ ਨੇ ਆਪਣੀ ਪਾਰੀ ਵਿਚ 13 ਛੱਕੇ ਲਾਏ, ਜਿਨ੍ਹਾਂ ਦੇ ਦਮ ’ਤੇ ਉਸ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ 30 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕੀਤੀ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 6 ਵਿਕਟਾਂ ’ਤੇ 179 ਦੌੜਾਂ ਬਣਾਈਆਂ। ਇਕ ਸਮੇਂ 14 ਓਵਰਾਂ ਤੋਂ ਬਾਅਦ ਵੈਸਟਇੰਡੀਜ਼ ਦਾ ਸਕੋਰ 4 ਵਿਕਟਾਂ ’ਤੇ 114 ਦੌੜਾਂ ਸੀ। 
ਸ਼ਾਈ ਹੋਪ ਨੇ 22 ਗੇਂਦਾਂ ’ਤੇ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਕਪਤਾਨ ਰੋਵਮੈਨ ਪਾਵੈੱਲ ਨੇ 22 ਗੇਂਦਾਂ ’ਚ 3 ਛੱਕਿਆਂ ਦੀ ਮਦਦ ਨਾਲ 35 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ 4 ਓਵਰਾਂ ਤੋਂ ਬਾਅਦ ਉਸਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਸੀ ਪਰ ਉਹ ਇਸ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਉਸਦੀ ਪੂਰੀ ਟੀਮ 19.4 ਓਵਰਾਂ ਵਿਚ 149 ਦੌੜਾਂ ’ਤੇ ਆਊਟ ਹੋ ਗਈ। ਦੱਖਣੀ ਅਫਰੀਕਾ ਨੂੰ ਆਖਰੀ 4 ਓਵਰਾਂ ਵਿਚ 42 ਦੌੜਾਂ ਦੀ ਲੋੜ ਸੀ ਪਰ ਉਸਦੀ ਪਾਰੀ ਲੜਖੜਾ ਗਈ। ਉਸ ਵੱਲੋਂ ਸਲਾਮੀ ਬੱਲੇਬਾਜ਼ ਰੀਜ਼ਾ ਹੈਂਡ੍ਰਿਕਸ ਨੇ 18 ਗੇਂਦਾਂ ਵਿਚ 44 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਸਦੀ ਟੀਮ ਦੇ 6 ਛੱਕਿਆਂ ਨਾਲ ਦੋ ਛੱਕੇ ਸ਼ਾਮਲ ਹਨ। ਵੈਸਟਇੰਡੀਜ਼ ਵੱਲੋਂ ਰੋਮਾਰੀਓ ਸ਼ੈਫਰਡ ਨੇ 4 ਓਵਰਾਂ ਵਿਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਸ਼ਮਰ ਜੋਸੇਫ ਦਾ ਚੰਗਾ ਸਾਥ ਮਿਲਿਆ, ਜਿਸ ਨੇ 31 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਤੀਜਾ ਤੇ ਆਖਰੀ ਟੀ-20 ਮੈਚ ਮੰਗਲਵਾਰ ਨੂੰ ਇਸੇ ਸਥਾਨ ’ਤੇ ਖੇਡਿਆ ਜਾਵੇਗਾ।


author

Aarti dhillon

Content Editor

Related News