ਭਾਰ ਸੰਭਾਲਨਾ ਐਥਲੀਟ ਦੀ ਜ਼ਿੰਮੇਵਾਰੀ ਹੈ : ਮੈਰੀਕਾਮ

Friday, Oct 04, 2024 - 02:24 PM (IST)

ਮੁੰਬਈ- 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ’ਚ 100 ਗ੍ਰਾਮ ਤੋਂ ਜ਼ਿਆਦਾ ਭਾਰ ਹੋਣ ਕਾਰਨ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੋਈ ਨਿਰਾਸ਼ਾ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਕਿਹਾ ਕਿ ਤੈਅ ਹੱਦ ਦੇ ਅੰਦਰ ਵਜ਼ਨ ਬਰਕਰਾਰ ਰੱਖਣਾ ਖਿਡਾਰੀ ਦੀ ਨਿੱਜੀ ਜ਼ਿੰਮੇਵਾਰੀ ਹੈ। 4 ਬੱਚਿਆਂ ਦੀ ਮਾਂ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ (42) ਨੇ ਇਥੇ ਪਹਿਲੀ ਵਾਰ ਵਿਨੇਸ਼ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪੈਰਿਸ ਓਲੰਪਿਕ ’ਚ ਤੈਅ ਹੱਦ ਦੇ ਅੰਦਰ ਵਜ਼ਨ ਦਾ ਪ੍ਰਬੰਧਨ ਕਰਨਾ ਐਥਲੀਟ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ,‘ਮੈਂ ਇੰਨੀ ਨਿਰਾਸ਼ ਹੋਈ ਸੀ ਕਿ ਮੈਂ ਵੀ ਇੰਨੇ ਸਾਲਾਂ ਤੋਂ ਇਸੇ ਤਰ੍ਹਾਂ ਆਪਣੇ ਵਜ਼ਨ ਨੂੰ ਸੰਭਾਲ ਰਹੀ ਹਾਂ। ਭਾਰ ਮਹੱਤਵਪੂਰਨ ਹੁੰਦਾ ਹੈ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ। ਮੈਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ।’
ਮੈਰੀਕਾਮ ਨੇ ਕਿਹਾ, “ਮੈਂ ਇਹ ਉਸ ਦੇ (ਵਿਨੇਸ਼) ਮਾਮਲੇ ’ਚ ਨਹੀਂ ਕਹਿਣਾ ਚਾਹੁੰਦੀ। ਮੈਂ ਇਹ ਸਿਰਫ ਆਪਣੇ ਕੇਸ ’ਚ ਕਹਿ ਰਹੀ ਹਾਂ। ਜੇ ਮੈਂ ਸਹੀ ਢੰਗ ਨਾਲ ਭਾਰ ਨਹੀਂ ਘਟਾ ਸਕਦੀ ਤਾਂ ਮੈਂ ਕਿਵੇਂ ਖੇਡਾਂਗੀ? ਮੈਂ ਤਮਗਾ ਜਿੱਤਣ ਲਈ ਉੱਥੇ ਸੀ, ਅਜਿਹਾ ਹੀ ਮੈਨੂੰ ਲੱਗਦਾ ਹੈ। ਪੈਰਿਸ ’ਚ ਸੋਨ ਤਮਗੇ ਦੀ ਦਾਅਵੇਦਾਰ ਮੰਨੀ ਜਾਣ ਵਾਲੀ ਵਿਨੇਸ਼ ਨੇ ਖਾਣਾ-ਪੀਣਾ ਛੱਡ ਕੇ ਸਾਰੀ ਰਾਤ ‘ਵਰਕਆਊਟ’ ਕੀਤਾ ਅਤੇ ਆਪਣੇ ਵਾਲ ਵੀ ਕੱਟੇ ਪਰ ਫਿਰ ਵੀ ਉਹ 100 ਗ੍ਰਾਮ ਤੋਂ ਖੁੰਝ ਗਈ।
ਉਸਨੇ ਇਹ ਵੀ ਦੁਹਰਾਇਆ ਕਿ ਉਹ ਪੇਸ਼ੇਵਰ ਮੁੱਕੇਬਾਜ਼ੀ ’ਚ ਹਿੱਸਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ,‘ਮੈਂ ਅਜੇ ਸੰਨਿਆਸ ਨਹੀਂ ਲਿਆ ਹੈ ਪਰ ਮੈਂ ਹਿੱਸਾ ਲੈਣਾ ਚਾਹੁੰਦੀ ਹਾਂ।’ ਮੈਂ ਮੌਕੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਪੇਸ਼ੇਵਰ ਮੁੱਕੇਬਾਜ਼ੀ ’ਚ ਲੜਨ ਦੇ ਆਪਣੇ ਮੌਕੇ ਦੀ ਉਡੀਕ ਕਰ ਰਹੀ ਹਾਂ। ਮੈਂ ਵਾਪਸੀ ਕਰਨਾ ਚਾਹੁੰਦੀ ਹਾਂ। ਮੈਰੀਕਾਮ ਨੇ ਕਿਹਾ,‘ਮੈਂ 3-4 ਸਾਲ ਹੋਰ ਜਾਰੀ ਰੱਖ ਸਕਦੀ ਹਾਂ, ਇਹ ਮੇਰੀ ਇੱਛਾ ਹੈ। ਮੇਰੇ ਕੋਲ ਜਨੂੰਨ ਅਤੇ ਭੁੱਖ ਹੈ ਅਤੇ ਮੈਂ ਜਾਰੀ ਕਰਨਾ ਚਾਹੁੰਦੀ ਹਾਂ।’


Aarti dhillon

Content Editor

Related News