ਅਸੀਂ ਘਰੇਲੂ ਮੈਦਾਨ ''ਤੇ ਚੰਗਾ ਪ੍ਰਦਰਸ਼ਨ ਕਰਨ ਲਈ ਪੂਰਾ ਜ਼ੋਰ ਲਗਾਵਾਂਗੇ : ਛੇਤਰੀ
Monday, Jun 13, 2022 - 12:02 PM (IST)
ਕੋਲਕਾਤਾ- ਘਰੇਲੂ ਦਰਸ਼ਕਾਂ ਸਾਹਮਣੇ ਲਗਾਤਾਰ ਦੋ ਜਿੱਤਾਂ ਦਰਜ ਕਰ ਕੇ ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਟੀਮ ਹਾਂਗਕਾਂਗ ਖ਼ਿਲਾਫ਼ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਿਕੇਸ਼ਨ ਗਰੁੱਪ-ਡੀ ਦੇ ਆਖ਼ਰੀ ਕੁਆਲੀਫਾਇੰਗ ਮੈਚ 'ਚ ਜਿੱਤ ਦਰਜ ਕਰ ਕੇ ਅਗਲੇ ਦੌਰ 'ਚ ਪੁੱਜਣ ਲਈ ਪੂਰਾ ਜ਼ੋਰ ਲਾਏਗੀ।
ਭਾਰਤ ਨੇ ਸ਼ਨੀਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਬੇਹੱਦ ਦਿਲਚਸਪ ਮੁਕਾਬਲੇ 'ਚ 2-1 ਨਾਲ ਜਿੱਤ ਦਰਜ ਕੀਤੀ। ਮੈਚ ਦੇ ਤਿੰਨੇ ਗੋਲ ਖੇਡ ਦੇ 86ਵੇਂ ਮਿੰਟ ਤੋਂ ਬਾਅਦ ਹੋਏ। ਛੇਤਰੀ ਨੇ 86ਵੇਂ ਮਿੰਟ 'ਚ ਗੋਲ ਕਰ ਕੇ ਭਾਰਤ ਦਾ ਖਾਤਾ ਖੋਲਿ੍ਹਆ। ਜ਼ੁਬੈਰ ਅਮੀਰੀ ਨੇ ਹਾਲਾਂਕਿ ਇਸ ਦੇ ਦੋ ਮਿੰਟਾਂ ਬਾਅਦ ਅਫ਼ਗਾਨਿਸਤਾਨ ਲਈ ਬਰਾਬਰੀ ਦਾ ਗੋਲ ਕਰ ਦਿੱਤਾ। ਮੈਚ ਜਦੋਂ ਡਰਾਅ ਵੱਲ ਵੱਧ ਰਿਹਾ ਸੀ, ਉਦੋਂ ਸਹਿਲ ਅਬਦੁਲ ਸਮਦ ਦੇ ਇੰਜੁਰੀ ਸਮੇਂ 'ਚ ਕੀਤੇ ਗਏ ਗੋਲ ਨੇ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੂੰ ਜਸ਼ਨ 'ਚ ਡੁਬੋ ਦਿੱਤਾ। ਛੇਤਰੀ ਲਈ ਇਹ ਮੁਕਾਬਲਾ ਖ਼ਾਸ ਸੀ ਕਿਉਂਕਿ ਉਨ੍ਹਾਂ ਨੇ ਇਸੇ ਦਿਨ ਕੌਮਾਂਤਰੀ ਫੁੱਟਬਾਲ 'ਚ ਆਪਣੇ 17 ਸਾਲ ਪੂਰੇ ਕੀਤੇ। ਕੌਮਾਂਤਰੀ ਪੱਧਰ 'ਤੇ ਛੇਤਰੀ ਦਾ ਇਹ 83ਵਾਂ ਗੋਲ ਸੀ।
ਛੇਤਰੀ ਨੇ ਕਿਹਾ, 'ਕੌਮਾਂਤਰੀ ਫੁੱਟਬਾਲ 'ਚ ਇੰਝ ਆਪਣੇ 17 ਸਾਲਾਂ ਦਾ ਜਸ਼ਨ ਮਨਾ ਕੇ ਬਹੁਤ ਵਧੀਆ ਲੱਗ ਰਿਹਾ ਹੈ। ਅਫ਼ਗਾਨਿਸਤਾਨ ਦੇ ਗੋਲ ਤੋਂ ਬਾਅਦ ਮੈਨੂੰ ਲੱਗਾ ਕਿ ਸ਼ਾਇਦ ਸਾਨੂੰ ਅੰਕ ਸਾਂਝੇ ਕਰਨੇ ਪੈਣਗੇ ਪਰ ਸਾਡੇ ਖਿਡਾਰੀਆਂ ਨੇ ਉਹੀ ਕੀਤਾ ਜਿਸ ਦੇ ਲਈ ਉਹ ਮੈਦਾਨ 'ਚ ਉਤਰੇ ਸਨ। ਮੇਰੇ ਲਈ ਅਜਿਹੀਆਂ ਉਪਲੱਬਧੀਆਂ ਹਾਲਾਂਕਿ ਬਹੁਤ ਮਾਇਨੇ ਨਹੀਂ ਰੱਖਦੀਆ ਪਰ ਮੈਂ ਇੰਨੇ ਲੰਬੇ ਸਮੇਂ ਤਕ ਕੌਮੀ ਟੀਮ ਦੀ ਜਰਸੀ ਪਹਿਨਣ ਲਈ ਸਨਮਾਨਿਤ ਤੇ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।'
ਇਹ ਵੀ ਪੜ੍ਹੋ : ਇੰਗਲੈਂਡ ਦੇ ਕ੍ਰਿਕਟਰ ਸਟੂਅਰਟ ਬਰਾਡ ਦੇ ਪੱਬ 'ਚ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।