ICC ਟੂਰਨਾਮੈਂਟਾਂ ’ਚ ਆਸਟ੍ਰੇਲੀਆ ਦਾ ਰਿਕਾਰਡ ਸ਼ਾਨਦਾਰ, ਸਾਨੂੰ ਚੀਜ਼ਾਂ ਸਹੀ ਕਰਨੀਆਂ ਪੈਣਗੀਆਂ : ਰੋਹਿਤ
Monday, Mar 03, 2025 - 02:21 PM (IST)

ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨਾਲ ਮੁਕਾਬਲਾ ਤੈਅ ਹੋਣ ਤੋਂ ਬਾਅਦ ਕਿਹਾ ਕਿ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਆਸਟ੍ਰੇਲੀਆ ਦਾ ਰਿਕਾਰਡ ਸ਼ਾਨਦਾਰ ਹੈ ਤੇ ਸਾਨੂੰ ਇਸ ਮੈਚ ਵਿਚ ਚੰਗਾ ਕਰਨ ਲਈ ਆਪਣੀਆਂ ਚੀਜ਼ਾਂ ਨੂੰ ਸਹੀ ਕਰਨਾ ਪਵੇਗਾ।
ਰੋਹਿਤ ਨੇ ਕਿਹਾ, ‘‘ਆਸਟ੍ਰੇਲੀਆ ਵਿਰੁੱਧ ਆਪਣੇ ਕੰਟਰੋਲ ਵਾਲੀਆਂ ਚੀਜ਼ਾਂ ਸਹੀ ਕਰਨੀਆਂ ਪੈਣਗੀਆਂ। ਸਾਨੂੰ ਇਸ ’ਤੇ ਧਿਆਨ ਦੇਣਾ ਪਵੇਗਾ ਕਿ ਉਸ ਦਿਨ ਅਸੀਂ ਕੀ ਕਰਨਾ ਹੈ।’’
ਉਸ ਨੇ ਕਿਹਾ, ‘‘ਇਸ ਤਰ੍ਹਾਂ ਦੇ ਘੱਟ ਮੈਚਾਂ ਵਾਲੇ ਟੂਰਨਾਮੈਂਟ ਵਿਚ ਲੈਅ ਬਰਕਰਾਰ ਰੱਖਣਾ ਮਹੱਤਵਪੂਰਨ ਹੈ। ਸਾਡੀ ਕੋਸ਼ਿਸ਼ ਹਰ ਮੈਚ ਜਿੱਤਣ ਦੀ ਹੁੰਦੀ ਹੈ। ਗਲਤੀਆਂ ਹੁੰਦੀਆਂ ਹਨ ਪਰ ਉਸ ਨੂੰ ਸੁਧਾਰਨਾ ਮਹੱਤਵਪੂਰਨ ਹੈ।’’