ਤੇਂਦੁਲਕਰ ਦੀਆਂ ਵੀਡੀਓਜ਼ ਦੇਖ ਕੇ ਕਾਫੀ ਪ੍ਰੇਰਣਾ ਮਿਲੀ : ਸ਼ੈਫਾਲੀ
Sunday, Jun 29, 2025 - 01:09 PM (IST)

ਨਾਟਿੰਘਮ– ਭਾਰਤੀ ਟੀਮ ਵਿਚ ਵਾਪਸੀ ਕਰ ਰਹੀ ਸ਼ੈਫਾਲੀ ਵਰਮਾ ਨੇ ਕਿਹਾ ਕਿ ਟੀਮ ਵਿਚੋਂ ਬਾਹਰ ਰਹਿਣ ਦੌਰਾਨ ਉਸ ਨੇ ਟੈਸਟ ਕ੍ਰਿਕਟ ਵਿਚ ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਦੀਆਂ ਕਾਫੀ ਵੀਡੀਓਜ਼ ਦੇਖੀਆਂ, ਜਿਸ ਨਾਲ ਹਰ ਗੇਂਦ ਨੂੰ ਉਸਦੀ ਮੈਰਿਟ ਦੇ ਆਧਾਰ ’ਤੇ ਖੇਡਣ ਦਾ ਮਹੱਤਵ ਸਮਝ ਵਿਚ ਆਇਆ। ਖਰਾਬ ਫਾਰਮ ਕਾਰਨ ਪਿਛਲੇ ਸਾਲ ਸ਼ੈਫਾਲੀ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।
ਸ਼ੈਫਾਲੀ ਨੇ ਇੱਥੇ ਕਿਹਾ, ‘‘ਪਹਿਲਾਂ ਮੈਂ ਹਰ ਗੇਂਦ ’ਤੇ ਚੌਕਾ ਜਾਂ ਛੱਕਾ ਮਾਰਨ ਦੇ ਬਾਰੇ ਵਿਚ ਸੋਚਦੀ ਸੀ ਪਰ ਫਿਰ ਮੈਨੂੰ ਸਮਝ ਵਿਚ ਆਇਆ ਕਿ ਚੰਗੀ ਗੇਂਦ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ। ਮੈਂ ਸਚਿਨ ਸਰ ਦੀਆਂ ਟੈਸਟ ਪਾਰੀਆਂ ਦੇਖੀਆਂ ਤੇ ਉਨ੍ਹਾਂ ਤੋਂ ਕਾਫੀ ਪ੍ਰੇਰਣਾ ਮਿਲੀ।’’
ਉਸ ਨੇ ਕਿਹਾ, ‘‘ਇਸ ਨਾਲ ਮੈਨੂੰ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਮੈਂ ਉਸਦਾ ਇਕ ਵੀ ਮੈਚ ਨਹੀਂ ਛੱਡਦੀ ਸੀ। ਮੈਂ ਹਰ ਮੈਚ ਫਿਰ ਤੋਂ ਦੇਖਿਆ। ਉਸ ਨੂੰ ਦੇਖ ਕੇ ਮੈਂ ਸਿੱਖਿਆ ਕਿ ਚੰਗੀ ਗੇਂਦ ਨੂੰ ਸਨਮਾਨ ਦੇ ਕੇ ਹੀ ਚੰਗੀਆਂ ਪਾਰੀਆਂ ਖੇਡੀਆਂ ਜਾ ਸਕਦੀਆਂ ਹਨ।’’
ਘਰੇਲੂ ਕ੍ਰਿਕਟ ਤੇ ਮਹਿਲਾ ਪ੍ਰੀਮੀਅਰ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 21 ਸਾਲਾ ਸ਼ੈਫਾਲੀ ਨੇ ਟੀਮ ਵਿਚ ਵਾਪਸੀ ਕੀਤੀ। ਉਸ ਨੇ ਕਿਹਾ ਕਿ ਵਾਪਸੀ ਕਰਨਾ ਸੌਖਾਲਾ ਨਹੀਂ ਹੁੰਦਾ ਤੇ ਪਿਛਲੇ ਸਾਲ ਟੀਮ ਚੋਣ ਤੋਂ 10 ਦਿਨ ਪਹਿਲਾਂ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪੈਣ ਨਾਲ ਇਹ ਹੋਰ ਮੁਸ਼ਕਿਲ ਹੋ ਗਿਆ ਸੀ। ਸ਼ੈਫਾਲੀ ਨੂੰ ਪਿਛਲੇ ਸਾਲ ਨਵੰਬਰ ਵਿਚ ਆਸਟ੍ਰੇਲੀਆ ਵਿਰੁੱਧ 3 ਮੈਚਾਂ ਦੀ ਵਨ ਡੇ ਲੜੀ ਲਈ ਟੀਮ ਵਿਚ ਜਗ੍ਹਾ ਨਹੀਂ ਮਿਲੀ ਸੀ।