ਏਸ਼ੇਜ਼ ਤੇ WTC ਫਾਈਨਲ ’ਚ ਵਾਰਨਰ ਦੀ ਹੋਵੇਗੀ ਵੱਡੀ ਭੂਮਿਕਾ: ਐਂਡ੍ਰਿਊ ਮੈਕਡੋਨਾਲਡ
Thursday, May 25, 2023 - 05:03 PM (IST)
ਮੈਲਬੋਰਨ (ਭਾਸ਼ਾ)– ਆਸਟਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਦਾ ਮੰਨਣਾ ਹੈ ਕਿ ਭਾਰਤ ਵਿਰੁੱਧ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੇ ਇੰਗਲੈਂਡ ਵਿਰੁੱਧ ਏਸ਼ੇਜ਼ ਸੀਰੀਜ਼ ਵਿਚ ਡੇਵਿਡ ਵਾਰਨਰ ਅਹਿਮ ਭੂਮਿਕਾ ਨਿਭਾਏਗਾ। ਇਸ ਸਾਲ ਦੀ ਸ਼ੁਰੂਆਤ ਵਿਚ ਭਾਰਤ ਦੌਰਾ ਵਾਰਨਰ ਲਈ ਮੁਸ਼ਕਿਲ ਰਿਹਾ। ਦਿੱਲੀ ਕੈਪੀਟਲ ਦੇ ਕਪਤਾਨ ਨੇ ਆਈ. ਪੀ. ਐੱਲ. ਵਿਚ 14 ਮੈਚਾਂ ਵਿਚ 516 ਦੌੜਾਂ ਬਣਾਈਆਂ ਹਨ ਪਰ ਟੀਮ ਪਲੇਅ ਆਫ ਵਿਚ ਨਹੀਂ ਪਹੁੰਚ ਸਕੀ। ਇਨ੍ਹਾਂ ਅਸਫਲਤਾਵਾਂ ਦੇ ਬਾਵਜੂਦ ਮੈਕਡੋਨਾਲਡ ਨੂੰ ਭਰੋਸਾ ਹੈ ਕਿ ਵਾਰਨਰ ਇੰਗਲੈਂਡ ਵਿਚ ਸਰਵਸ੍ਰੇਸ਼ਠ ਫਾਰਮ ਵਿਚ ਹੋਵੇਗਾ।
ਉਸ ਨੇ ਕਿਹਾ,‘‘ਸਾਨੂੰ ਉਮੀਦ ਹੈ ਕਿ ਉਹ ਏਸ਼ੇਜ਼ ਤੇ ਡਬਲਯੂ. ਟੀ. ਸੀ. ਦੇ ਫਾਈਨਲ ਵਿਚ ਅਹਿਮ ਭੂਮਿਕਾ ਨਿਭਾਏਗਾ।’’ ਵਾਰਨਰ ਨੂੰ ਭਾਰਤ ਵਿਰੁੱਧ ਡਬਲਯੂ. ਟੀ.ਸੀ. ਫਾਈਨਲ ਤੇ ਪਹਿਲੇ ਦੋ ਏਸ਼ੇਜ਼ ਟੈਸਟ ਲਈ ਆਸਟਰੇਲੀਆਈ ਟੀਮ ਵਿਚ ਚੁਣਿਆ ਗਿਆ ਹੈ। ਚੋਣਕਾਰਾਂ ਨੇ ਬਦਲ ਦੇ ਤੌਰ ’ਤੇ ਮਾਰਕਸ ਹੈਰਿਸ ਤੇ ਮੈਟ ਰੇਨਸ਼ਾ ਨੂੰ ਵੀ ਚੁਣਿਆ ਹੈ। ਮੈਕਡੋਨਾਲਡ ਨੇ ਕਿਹਾ, ‘‘ਉਹ ਟੀਮ ਦਾ ਮਹੱਤਵਪੂਰਨ ਅੰਗ ਹੈ। ਅਜਿਹਾ ਨਹੀਂ ਹੁੰਦਾ ਤਾਂ ਉਹ ਟੀਮ ਵਿਚ ਨਾ ਹੁੰਦਾ। ਉਹ ਪਹਿਲੇ ਦੋ ਏਸ਼ੇਜ਼ ਟੈਸਟ ਲਈ ਵੀ ਟੀਮ ਵਿਚ ਹੈ, ਜਿਸ ਦੇ ਮਾਇਨੇ ਹਨ ਕਿ ਉਹ ਸਾਡੀ ਰਣਨੀਤੀ ਦਾ ਹਿੱਸਾ ਹੈ।’’