ਵਾਰਨਰ ਦੀ ਅਗਵਾਈ ''ਚ ਸਭ ਤੋਂ ਸੰਤੁਲਿਤ IPL ਟੀਮ ਸਨਰਾਈਜ਼ਰਜ਼ ਹੈਦਰਾਬਾਦ

Wednesday, Sep 16, 2020 - 12:38 AM (IST)

ਵਾਰਨਰ ਦੀ ਅਗਵਾਈ ''ਚ ਸਭ ਤੋਂ ਸੰਤੁਲਿਤ IPL ਟੀਮ ਸਨਰਾਈਜ਼ਰਜ਼ ਹੈਦਰਾਬਾਦ

ਨਵੀਂ ਦਿੱਲੀ– ਸ਼ਾਨਦਾਰ ਚੋਟੀ ਕ੍ਰਮ, ਬਿਹਤਰੀਨ ਸਪਿਨ ਹਮਲਾ ਤੇ ਡੇਵਿਡ ਵਾਰਨਰ ਵਰਗੇ ਹਮਲਾਵਰ ਕਪਤਾਨ ਨਾਲ ਇੰਡੀਅਨ ਪ੍ਰੀਮੀਅਰ ਦੀਆਂ ਸਭ ਤੋਂ ਸੰਤੁਲਿਤ ਟੀਮਾਂ ਵਿਚੋਂ ਇਕ ਸਨਰਾਈਜ਼ਰਜ਼ ਹੈਦਰਾਬਾਦ ਇਕ ਵਾਰ ਫਿਰ ਪਲੇਅ ਆਫ ਦੇ ਚਾਰ ਪ੍ਰਮੁੱਖ ਦਾਅਵੇਦਾਰਾਂ ਵਿਚ ਹੋਵੇਗੀ। ਮੁੰਬਈ ਇੰਡੀਅਨਜ਼ ਜਾਂ ਚੇਨਈ ਸੁਪਰ ਕਿੰਗਜ਼ ਵਰਗੀ ਹਾਈ ਪ੍ਰੋਫਾਈਲ ਟੀਮ ਨਾ ਹੋਣ ਦੇ ਬਾਵਜੂਦ ਸਨਰਾਈਜ਼ਰਜ਼ ਕਿਸੇ ਤੋਂ ਘੱਟ ਨਹੀਂ ਹੈ ਕਿਉਂਕਿ ਉਸਦੇ ਕੋਲ ਸ਼ਾਨਦਾਰ ਕੋਚਿੰਗ ਸਟਾਫ ਹੈ, ਜਿਸ ਵਿਚ ਟ੍ਰੇਵਰ ਬੇਲਿਸ, ਵੀ. ਵੀ. ਐੱਸ. ਲਕਸ਼ਮਣ ਤੇ ਮੁਥੱਈਆ ਮੁਰਲੀਧਰਨ ਵਰਗੇ ਮਹਾਨ ਸਾਬਕਾ ਖਿਡਾਰੀ ਸ਼ਾਮਲ ਹਨ। ਇਹ ਤਿੰਨੇ ਆਈ. ਪੀ.ਐੱਲ. ਦੀਆਂ ਸਫਲ ਟੀਮਾਂ ਦੇ ਡਗਆਊਟ ਵਿਚ ਰਹਿ ਚੁੱਕੇ ਹਨ ਤੇ ਇਨ੍ਹਾਂ ਦਾ ਆਪਣਾ ਕੱਦ ਬਹੁਤ ਉੱਚਾ ਹੈ।
ਕਪਤਾਨ ਦੇ ਰੂਪ ਵਿਚ ਇਸ ਸੈਸ਼ਨ ਵਿਚ ਵਾਪਸੀ ਕਰਨ ਵਾਲੇ ਡੇਵਿਡ ਵਾਰਨਰ ਦੇ ਰੂਪ ਵਿਚ ਸਨਰਾਈਜ਼ਰਜ਼ ਕੋਲ ਚਮਤਕਾਰੀ ਕਪਤਾਨ ਹੈ, ਜਿਹੜਾ ਆਪਣੇ ਦਮ 'ਤੇ ਮੈਚ ਜਿਤਾਉਣ ਦੀ ਸਮਰੱਥਾ ਰੱਖਦਾ ਹੈ। 4 ਸਾਲ ਪਹਿਲਾਂ ਵਾਰਨਰ ਦੀ ਕਪਤਾਨੀ ਵਿਚ ਸਨਰਾਈਜ਼ਰਜ਼ ਨੇ ਖਿਤਾਬ ਜਿੱਤਿਆ ਸੀ ਤੇ ਉਹ 3 ਵਾਰ 'ਓਰੇਂਜ ਕੈਪ' ਵੀ ਹਾਸਲ ਕਰ ਚੁੱਕਾ ਹੈ। ਪਿਛਲੇ ਸੈਸ਼ਨ ਵਿਚ ਜਾਨੀ ਬੇਅਰਸਟੋ ਤੇ ਵਾਰਨਰ ਨੇ ਕਈ ਰਿਕਾਰਡ ਤੋੜੇ ਹਨ, ਜਿਨ੍ਹਾਂ ਵਿਚ ਆਈ. ਪੀ. ਐੱਲ. ਦੇ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਵੀ ਸ਼ਾਮਲ ਹੈ। ਦੋਵਾਂ ਨੇ ਆਪਣੀ ਟੀਮ ਨੂੰ ਨਾਕਆਊਟ ਤਕ ਪਹੁੰਚਾਇਆ ਸੀ। ਵਾਰਨਰ ਨੇ 12 ਮੈਚਾਂ ਵਿਚ 692 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿਚ 8 ਅਰਧ ਸੈਂਕੜੇ ਤੇ ਇਕ ਸੈਂਕੜਾ ਸ਼ਾਮਲ ਸੀ। ਉਥੇ ਹੀ ਬੇਅਰਸਟੋ ਨੇ 10 ਮੈਚਾਂ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਦੀ ਬਦਲੌਤ 445 ਦੌੜਾਂ ਬਣਾਈਆਂ ਸਨ। ਸਨਰਾਈਜ਼ਰਜ਼ ਕੋਲ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵਰਗਾ ਤੇਜ਼ ਗੇਂਦਬਾਜ਼ ਤੇ ਅਫਗਾਨਿਸਤਾਨ ਦੇ ਟੀ-20 ਕਪਤਾਨ ਵਰਗਾ ਸਪਿਨਰ ਹੈ। ਉਸ ਤੋਂ ਇਲਾਵਾ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸਿਧਾਰਥ ਕੌਲ ਤੇ ਸ਼ਾਹਬਾਜ ਨਦੀਮ ਸੰਭਾਲਣਗੇ।
ਸਨਰਾਈਜ਼ਰਜ਼ ਦੇ ਬੱਲੇਬਾਜ਼ੀ ਕ੍ਰਮ ਵਿਚ ਹਾਲਾਂਕਿ ਓਨੀ ਗਹਿਰਾਈ ਨਹੀਂ ਦਿਸ ਰਹੀ, ਜਿੰਨੀ ਹੋਣੀ ਚਾਹੀਦੀ ਹੈ। ਵਾਰਨਰ ਤੇ ਬੇਅਰਸਟੋ ਦੇ ਅਸਫਲ ਰਹਿਣ 'ਤੇ ਦਾਰੋਮਦਾਰ ਪੂਰੀ ਤਰ੍ਹਾਂ ਨਾਲ ਮਨੀਸ਼ ਪਾਂਡੇ ਤੇ ਕੇਨ ਵਿਲੀਅਮਸਨ 'ਤੇ ਆ ਜਾਵੇਗਾ। ਟੀਮ ਨੇ ਵਿਰਾਟ ਸਿੰਘ ਵਰਗੇ ਨੌਜਵਾਨ 'ਤੇ ਭਰੋਸਾ ਕੀਤਾ ਹੈ, ਜਿਸ ਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ 343 ਦੌੜਾਂ ਬਣਾਈਆਂ ਸਨ। ਬੱਲੇਬਾਜ਼ੀ ਆਲਰਾਊਂਡਰ ਅਭਿਸ਼ੇਕ ਸ਼ਰਮਾ ਤੇ ਭਾਰਤ ਦਾ ਅੰਡਰ-19 ਕਪਤਾਨ ਪ੍ਰਿਯਮ ਗਰਗ ਵੀ ਟੀਮ ਵਿਚ ਹੈ। ਗੇਂਦਬਾਜ਼ੀ ਸਲਾਹਕਾਰ ਮੁਥੱਈਆ ਮੁਰਲੀਧਰਨ ਨੇ ਕਿਹਾ,''ਸਪਿਨਰਾਂ ਦੀ ਭੂਮਿਕਾ ਅਹਿਮ ਰਹੇਗੀ। ਅਜਿਹੇ ਵਿਚ ਰਾਸ਼ਿਦ ਟ੍ਰੰਪਕਾਰਡ ਸਾਬਤ ਹੋ ਸਕਦਾ ਹੈ, ਜਿਸ ਦੀ ਟੂਰਨਾਮੈਂਟ ਵਿਚ ਇਕਾਨੋਮੀ ਰੇਟ 6.55 ਹੈ। ਟੀਮ ਕੋਲ ਟ੍ਰੇਵਰ ਬੇਲਿਸ ਦੇ ਰੂਪ ਵਿਚ ਨਵਾਂ ਕੋਚ ਹੈ, ਜਿਸ ਦੀ ਕੋਚਿੰਗ ਵਿਚ ਇੰਗਲੈਂਡ ਨੇ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਦੋ ਆਈ. ਪੀ. ਐੱਲ. ਖਿਤਾਬ ਜਿੱਤੇ ਹਨ।
ਟੀਮ ਇਸ ਤਰ੍ਹਾਂ ਹੈ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਸ਼ਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬਿਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।


author

Gurdeep Singh

Content Editor

Related News