ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ''ਚ ਆਕਰਸ਼ਨ ਦਾ ਕੇਂਦਰ ਹੋਣਗੇ ਵਿਸ਼ਣੂ, ਪ੍ਰਜੱਵਲ ਤੇ ਰਸ਼ਿਮਕਾ
Tuesday, Sep 24, 2024 - 03:14 PM (IST)
ਨਵੀਂ ਦਿੱਲੀ- ਏਸ਼ੀਆਈ ਖੇਡਾਂ ਦੇ ਕਈ ਤਮਗੇ ਜਿੱਤਣ ਵਾਲੇ ਵਿਸ਼ਣੂ ਵਰਧਨ, ਚੋਟੀ ਦਾ ਦਰਜਾ ਪ੍ਰਾਪਤ ਪ੍ਰਜੱਵਲ ਦੇਵ ਅਤੇ ਮੌਜੂਦਾ ਚੈਂਪੀਅਨ ਰਸ਼ਮਿਕਾ ਐੱਸ ਭਾਮਿਦੀਪਤੀ 28 ਸਤੰਬਰ ਤੋਂ 12 ਅਕਤੂਬਰ ਤੱਕ ਇੱਥੇ ਡੀਐੱਲਟੀਏ ਕੰਪਲੈਕਸ ਵਿੱਚ ਹੋਣ ਵਾਲੀ 29ਵੀਂ ਫੇਨੇਸਟਾ ਓਪਨ ਨੈਸ਼ਨਲ ਟੈਨਿਸ ਚੈਂਪੀਅਨਸ਼ਿਪ ਵਿੱਚ ਆਕਰਸ਼ਨ ਦਾ ਕੇਂਦਰ ਹੋਣਗੇ। ਹੋਰ ਚੋਟੀ ਦੇ ਨਾਵਾਂ ਵਿੱਚ ਭਾਰਤ ਦੀ ਸਾਬਕਾ ਨੰਬਰ ਦੋ ਰੀਆ ਭਾਟੀਆ ਸ਼ਾਮਲ ਹੈ।
ਟੂਰਨਾਮੈਂਟ ਵਿੱਚ ਸੀਨੀਅਰ ਵਰਗ ਤੋਂ ਇਲਾਵਾ ਲੜਕੇ-ਲੜਕੀਆਂ ਲਈ ਅੰਡਰ-18, ਅੰਡਰ-16 ਅਤੇ ਅੰਡਰ-14 ਉਮਰ ਵਰਗ ਦੇ ਮੁਕਾਬਲੇ ਵੀ ਹੋਣਗੇ। ਟੂਰਨਾਮੈਂਟ ਦੇ ਸ਼ੁਰੂਆਤੀ ਹਫ਼ਤੇ ਵਿੱਚ ਪੁਰਸ਼, ਮਹਿਲਾ, ਅੰਡਰ-18 ਲੜਕੇ ਅਤੇ ਅੰਡਰ-18 ਲੜਕੀਆਂ ਦੇ ਸਿੰਗਲ ਅਤੇ ਡਬਲਜ਼ ਮੈਚ ਹੋਣਗੇ।
ਕੁਆਲੀਫਾਇੰਗ ਰਾਊਂਡ ਦੇ ਮੁਕਾਬਲੇ 28-29 ਸਤੰਬਰ ਨੂੰ ਹੋਣਗੇ ਜਦਕਿ ਮੁੱਖ ਡਰਾਅ ਦੇ ਮੈਚ 30 ਸਤੰਬਰ ਤੋਂ 5 ਅਕਤੂਬਰ ਤੱਕ ਖੇਡੇ ਜਾਣਗੇ। ਲੜਕੇ ਅਤੇ ਲੜਕੀਆਂ ਦੇ ਅੰਡਰ-16 ਅਤੇ ਅੰਡਰ-14 ਵਰਗ ਦੇ ਮੈਚ 6 ਤੋਂ 12 ਅਕਤੂਬਰ ਤੱਕ ਹੋਣਗੇ।
ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 21 ਲੱਖ 55 ਹਜ਼ਾਰ ਰੁਪਏ ਹੈ। ਜੂਨੀਅਰ ਵਰਗ ਵਿੱਚ ਕਿੱਟ ਭੱਤਾ ਦਿੱਤਾ ਜਾਵੇਗਾ। ਡੀਸੀਐੱਮ ਸ਼੍ਰੀਰਾਮ ਲਿਮਟਿਡ ਦੇ ਪ੍ਰਧਾਨ ਅਤੇ ਸੀਨੀਅਰ ਪ੍ਰਬੰਧ ਨਿਰਦੇਸ਼ਕ ਅਜੇ ਐੱਸ ਸ਼੍ਰੀਰਾਮ ਨੇ ਉੱਭਰਦੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਸਮਰਥਨ ਦੇਣ ਲਈ ਅੰਡਰ-16 ਅਤੇ ਅੰਡਰ-14 ਸਿੰਗਲ ਈਵੈਂਟਸ ਦੇ ਜੇਤੂਆਂ ਅਤੇ ਉਪ ਜੇਤੂਆਂ ਨੂੰ 25,000 ਰੁਪਏ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ।