...ਤਾਂ ਇਸ ਕਰਕੇ ਸ਼ੋਏਬ ਵਿਰਾਟ ਨੂੰ ਟੀਮ ਇੰਡੀਆ ਦੀ ਕਪਤਾਨੀ ਲਈ ਮੰਨਦੇ ਹਨ ਬੈਸਟ
Friday, Aug 02, 2019 - 04:21 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਭਾਰਤੀ ਟੀਮ ਦੀ ਕਪਤਾਨੀ ਤੋਂ ਹਟਾਉਣਾ ਮੂਰਖਤਾ ਹੋਵੇਗੀ। ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, ਮੈਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਨੂੰ ਕਪਤਾਨ ਦੇ ਤੌਰ 'ਤੇ ਨਹੀਂ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਸ 'ਤੇ ਕਾਫੀ ਨਿਵੇਸ਼ (ਇਨਵੈਸਟ) ਕੀਤਾ ਗਿਆ ਹੈ। ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਕਪਤਾਨ ਹਨ। ਉਸ ਨੂੰ ਬਿਹਤਰ ਕੋਚ ਅਤੇ ਬਿਹਤਰ ਚੋਣ ਕਮੇਟੀ ਦੀ ਜ਼ਰੂਰਤ ਹੈ ਅਤੇ ਉਸ ਨੂੰ ਬਿਹਤਰ ਕੀਤਾ ਜਾ ਸਕਦਾ ਹੈ।'' ਭਾਰਤ ਦੇ ਵਰਲਡ ਕੱਪ 'ਚ ਸੈਮੀਫਾਈਨਲ 'ਚ ਬਾਹਰ ਹੋਣ ਦੇ ਬਾਅਦ ਸੁਝਾਅ ਦਿੱਤੇ ਜਾ ਰਹੇ ਸਨ ਕਿ ਕਪਤਾਨੀ ਨੂੰ ਵੰਡਣਾ ਸਮੇਂ ਦੀ ਜ਼ਰੂਰਤ ਹੈ ਜਿੱਥੇ ਕੋਹਲੀ ਟੈਸਟ ਕ੍ਰਿਕਟ 'ਚ ਟੀਮ ਦੀ ਅਗਵਾਈ ਜਾਰੀ ਰੱਖਣ ਜਦਕਿ ਰੋਹਿਤ ਸ਼ਰਮਾ ਸੀਮਿਤ ਓਵਰਾਂ ਦੇ ਮੈਚਾਂ 'ਚ ਕਪਤਾਨੀ ਕਰਨ। ਅਖਤਰ ਦਾ ਨਜ਼ਰੀਆ ਹਾਲਾਂਕਿ ਇਸ ਤੋਂ ਅਲਗ ਹੈ।
ਉਨ੍ਹਾਂ ਕਿਹਾ, ''ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰੋਹਿਤ ਚੰਗਾ ਕਪਤਾਨ ਹੈ ਅਤੇ ਉਸ ਨੇ ਆਈ. ਪੀ. ਐੱਲ. 'ਚ ਚੰਗਾ ਕੰਮ ਕੀਤਾ ਹੈ, ਪਰ ਮੈਨੂੰ ਲਗਦਾ ਹੈ ਕਿ ਨਿਵੇਸ਼ (ਇਨਵੈਸਟਮੈਂਟ) ਕੀਤਾ ਜਾ ਚੁੱਕਾ ਹੈ ਅਤੇ ਥੋੜ੍ਹੇ ਬਦਲਾਅ ਦੇ ਨਾਲ ਇਸ ਨਿਵੇਸ਼ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਵਿਰਾਟ ਕੋਹਲੀ ਦੇ ਨਾਲ ਅੱਗੇ ਵਧਣਾ ਵਿਵਹਾਰਕ ਫੈਸਲਾ ਹੈ। ਮੈਨੂੰ ਲਗਦਾ ਹੈ ਕਿ ਜੇਕਰ ਮੈਂ ਉਸ ਨੂੰ ਕਪਤਾਨੀ ਤੋਂ ਹਟਾਵਾਂਗਾ ਤਾਂ ਬੇਵਕੂਫੀ ਕਰਾਂਗਾ।'' ਅਖਤਰ ਨੇ ਕਿਹਾ, ''ਭਾਰਤ 'ਚ ਇਸ ਤਰ੍ਹਾਂ ਦੀ ਚਰਚਾ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿਚਾਲੇ ਕਥਿਤ ਮਤਭੇਦ ਕਾਰਨ ਟੀਮ ਦੋ ਧੜਿਆਂ 'ਚ ਵੰਡੀ ਹੋਈ ਹੈ। ਰੋਹਿਤ ਕਪਤਾਨ ਬਣਨਾ ਚਾਹੁੰਦਾ ਹੈ ਅਤੇ ਵਿਰਾਟ ਉਸ ਦੇ ਰਸਤੇ 'ਚ ਆ ਰਿਹਾ ਪਰ ਮੈਨੂੰ ਨਹੀਂ ਲਗਦਾ ਕਿ ਇਹ ਕਿਆਸ (ਅਟਕਲਾਂ) ਸਹੀ ਹਨ।''