CT 2025 ; ਫਾਈਨਲ ''ਚ 5 ਦੌੜਾਂ ਬਣਾਉਂਦੇ ਹੀ ਵਿਰਾਟ ਕੋਹਲੀ ਇਸ ਮਾਮਲੇ ''ਚ ਵੀ ਬਣ ਜਾਣਗੇ King
Friday, Mar 07, 2025 - 03:47 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਆਪਣੇ ਆਖ਼ਰੀ ਪੜਾਅ 'ਚ ਪਹੁੰਚ ਚੁੱਕੀ ਹੈ। ਹੁਣ ਖ਼ਿਤਾਬੀ ਮੁਕਾਬਲੇ 'ਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਜਿੱਥੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਹੈ, ਉੱਥੇ ਹੀ ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖ਼ਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ ਹੈ। ਇਸੇ ਦੌਰਾਨ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕੋਲ ਇਕ ਬੇਹੱਦ ਖ਼ਾਸ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਇੱਕ ਵਾਰ ਜਦੋਂ ਉਹ ਕ੍ਰੀਜ਼ 'ਤੇ ਸੈੱਟ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਊਟ ਕਰਨਾ ਗੇਂਦਬਾਜ਼ਾਂ ਲਈ ਇਹ ਵੱਡੀ ਚੁਣੌਤੀ ਬਣ ਜਾਂਦਾ ਹੈ। ਜਦੋਂ ਵੀ ਟੀਮ ਮੁਸ਼ਕਲ ਸਥਿਤੀ 'ਚ ਹੋਵੇ, ਉਨ੍ਹਾਂ ਨੇ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ ਹੈ। ਹੁਣ ਇੱਕ ਵਾਰ ਫਿਰ ਭਾਰਤੀ ਪ੍ਰਸ਼ੰਸਕ ਉਨ੍ਹਾਂ ਤੋਂ ਚੈਂਪੀਅਨਜ਼ ਟਰਾਫੀ 2025 ਵਿੱਚ ਵੱਡੀ ਪਾਰੀ ਦੀ ਉਮੀਦ ਕਰ ਰਹੇ ਹਨ। ਇਹ ਵਿਰਾਟ ਦਾ ਲਗਾਤਾਰ ਤੀਜਾ ਚੈਂਪੀਅਨਜ਼ ਟਰਾਫੀ ਫਾਈਨਲ ਹੋਵੇਗਾ। ਇਸ ਤੋਂ ਪਹਿਲਾਂ ਉਹ 2013 ਅਤੇ 2017 ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵੀ ਖੇਡ ਚੁੱਕੇ ਹਨ।
5 ਦੌੜਾਂ ਬਣਾਉਂਦੇ ਹੀ ਕੋਹਲੀ ਰਚ ਦੇਣਗੇ ਇਤਿਹਾਸ
ਵਿਰਾਟ ਕੋਹਲੀ ਹੁਣ ਤੱਕ ਦੋ ਵਨ ਡੇ ਵਿਸ਼ਵ ਕੱਪ ਫਾਈਨਲ (2011 ਅਤੇ 2023) ਅਤੇ ਦੋ ਚੈਂਪੀਅਨਜ਼ ਟਰਾਫੀ ਫਾਈਨਲ (2013, 2017) ਖੇਡ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਚਾਰ ਵਨਡੇ ਆਈ.ਸੀ.ਸੀ. ਟੂਰਨਾਮੈਂਟ ਫਾਈਨਲ ਮੈਚਾਂ ਵਿੱਚ 34.25 ਦੀ ਔਸਤ ਨਾਲ 137 ਦੌੜਾਂ ਬਣਾਈਆਂ ਹਨ। ਇਨ੍ਹਾਂ ਮੁਕਾਬਲਿਆਂ 'ਚ ਉਨ੍ਹਾਂ ਨੇ ਇਕ ਅਰਧ ਸੈਂਕੜਾ ਵੀ ਜੜਿਆ ਹੈ। ਵਿਰਾਟ ਆਈ.ਸੀ.ਸੀ. ਵਨਡੇ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਭਾਰਤ ਲਈ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਹਾਲਾਂਕਿ ਉਨ੍ਹਾਂ ਕੋਲ ਸੌਰਵ ਗਾਂਗੁਲੀ ਦਾ ਇਹ ਰਿਕਾਰਡ ਤੋੜਨ ਦਾ ਸੁਨਹਿਰੀ ਮੌਕਾ ਹੈ। ਗਾਂਗੁਲੀ ਨੇ ਭਾਰਤ ਲਈ ਚਾਰ ਆਈ.ਸੀ.ਸੀ. ਫਾਈਨਲਾਂ ਵਿੱਚ ਕੁੱਲ 141 ਦੌੜਾਂ ਬਣਾਈਆਂ ਹਨ ਤੇ ਕੋਹਲੀ ਉਨ੍ਹਾਂ ਤੋਂ ਸਿਰਫ਼ 5 ਦੌੜਾਂ ਪਿੱਛੇ ਹਨ।
ਹੁਣ ਜੇਕਰ ਕੋਹਲੀ ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ 5 ਦੌੜਾਂ ਬਣਾਉਂਦੇ ਹਨ, ਤਾਂ ਉਹ ਆਈ.ਸੀ.ਸੀ. ਵਨਡੇ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਸੌਰਵ ਗਾਂਗੁਲੀ ਦੇ ਰਿਕਾਰਡ ਨੂੰ ਤੋੜ ਦੇਣਗੇ ਅਤੇ ਖੁਦ ਪਹਿਲਾ ਸਥਾਨ ਹਾਸਲ ਕਰ ਲੈਣਗੇ, ਜਦੋਂ ਕਿ ਭਾਰਤੀ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਗਾਂਗੁਲੀ ਦੂਜੇ ਸਥਾਨ 'ਤੇ ਖਿਸਕ ਜਾਣਗੇ।
ਆਈ.ਸੀ.ਸੀ. ਵਨਡੇ ਫਾਈਨਲ (ਵਿਸ਼ਵ ਕੱਪ + ਚੈਂਪੀਅਨਜ਼ ਟਰਾਫੀ) ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼
ਸੌਰਵ ਗਾਂਗੁਲੀ - 141 ਦੌੜਾਂ
ਵਿਰਾਟ ਕੋਹਲੀ- 137* ਦੌੜਾਂ
ਵਰਿੰਦਰ ਸਹਿਵਾਗ - 120 ਦੌੜਾਂ
ਸਚਿਨ ਤੇਂਦੁਲਕਰ - 98 ਦੌੜਾਂ
ਗੌਤਮ ਗੰਭੀਰ - 97 ਦੌੜਾਂ
ਆਈ.ਸੀ.ਸੀ. ਵਨਡੇ ਫਾਈਨਲ ਮੁਕਾਬਲਿਆਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਐਡਮ ਗਿਲਕ੍ਰਿਸਟ- 262
ਰਿਕੀ ਪੌਂਟਿੰਗ- 247
ਮਹੇਲਾ ਜੈਵਰਦਨੇ- 212
ਕੁਮਾਰ ਸੰਗਾਕਾਰਾ- 182
ਵਿਵੀਅਨ ਰਿਚਰਡ- 176
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e