ਕੋਹਲੀ ਦੀ ਵਜ੍ਹਾ ਨਾਲ ਸਫਲਤਾ ਮਿਲੀ : ਕੁਲਦੀਪ
Friday, May 17, 2019 - 11:27 AM (IST)

ਕੋਲਕਾਤਾ-ਸਟਾਰ ਸਪਿਨਰ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਜੇਕਰ ਕਪਤਾਨ ਵਿਰਾਟ ਕੋਹਲੀ ਨੇ ਉਸ ਨੂੰ ਗੇਂਦਬਾਜ਼ੀ ਹਮਲਾ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਹੁੰਦੀ ਤਾਂ ਉਹ ਕੌਮਾਂਤਰੀ ਮੰਚ 'ਤੇ ਇੰਨਾ ਸਫਲ ਨਾ ਹੋਇਆ ਹੁੰਦਾ।
ਕੁਲਦੀਪ ਨੇ ਕਿਹਾ, ''ਤੁਹਾਨੂੰ ਵੱਡੇ ਮੰਚ 'ਤੇ ਚਮਕਣ ਲਈ ਇਕ ਅਜਿਹੇ ਕਪਤਾਨ ਦੀ ਲੋੜ ਹੁੰਦੀ ਹੈ, ਜਿਹੜਾ ਤੁਹਾਡਾ ਸਮਰਥਨ ਕਰੇ ਤੇ ਤੁਹਾਡੀ ਕਾਬਲੀਅਤ 'ਤੇ ਭਰੋਸਾ ਰੱਖੇ। ਤੁਹਾਨੂੰ ਲੱਗਦਾ ਹੈ ਕਿ ਜੇਕਰ ਸਾਨੂੰ ਕੋਹਲੀ ਭਰਾ ਨੇ ਹਮਲਾ ਕਰਨ ਦੀ ਆਜ਼ਾਦੀ ਨਾ ਦਿੱਤੀ ਹੁੰਦੀ ਤਾਂ ਕੀ ਅਸੀਂ ਇੰਨੇ ਸਫਲ ਹੋ ਸਕਦੇ ਸੀ।''
ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਣ ਵਾਲੇ ਕੁਲਦੀਪ ਨੂੰ ਇਸ ਸਾਲ ਆਈ. ਪੀ. ਐੱਲ. ਵਿਚ ਈਡਨ ਗਾਰਡਨ ਦੀ ਬੱਲੇਬਾਜ਼ੀ ਦੀ ਮੁਰੀਦ ਪਿੱਚ 'ਤੇ ਕਾਫੀ ਨਿਰਾਸ਼ਾ ਹੱਥ ਲੱਗੀ ਕਿਉਂਕਿ ਉਸ ਨੂੰ 9 ਮੈਚਾਂ ਵਿਚ ਸਿਰਫ 4 ਹੀ ਵਿਕਟਾਂ ਮਿਲੀਆਂ, ਜਿਸ ਤੋਂ ਬਾਅਦ ਉਸ ਦੀ ਫ੍ਰੈਂਚਾਇਜ਼ੀ ਨੇ ਟੂਰਨਾਮੈਂਟ ਦੇ ਅੰਤ ਵਿਚ ਉਸ ਨੂੰ ਆਖਰੀ-11 ਵਿਚੋਂ ਬਾਹਰ ਕਰ ਦਿੱਤਾ।
24 ਸਾਲਾ ਖਿਡਾਰੀ ਨੇ ਕਿਹਾ ਕਿ ਆਈ. ਪੀ. ਐੱਲ. ਨਿਰਾਸ਼ਾ ਨੂੰ ਪਿੱਛੇ ਛੱਡ ਕੇ 30 ਮਈ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਉਸ ਨੇ ਕਿਹਾ, ''ਆਈ. ਪੀ. ਐੱਲ. ਵਿਸ਼ਵ ਕੱਪ ਦੀ ਤੁਲਨਾ ਵਿਚ ਕਾਫੀ ਵੱਖਰਾ ਹੈ। ਅਜਿਹੇ ਵੀ ਖਿਡਾਰੀ ਹਨ, ਜਿਨ੍ਹਾਂ ਨੇ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਦੇਸ਼ ਲਈ ਇੰਨਾ ਬਿਹਤਰ ਨਹੀਂ ਕਰ ਸਕੇ। ਮੈਂ ਗੇਂਦਬਾਜ਼ ਦੇ ਤੌਰ ਕਾਫੀ ਪਰਿਪੱਕ ਹੋਇਆ ਹਾਂ ਤੇ ਵਿਸ਼ਵ ਕੱਪ ਵਿਚ ਆਈ. ਪੀ. ਐੱਲ. ਦੇ ਪ੍ਰਦਰਸ਼ਨ ਦਾ ਬਿਲਕੁਲ ਅਸਰ ਨਹੀਂ ਪਵੇਗਾ।''ਕੁਲਦੀਪ ਨੇ ਮਹਿੰਦਰ ਸਿੰਘ ਧੋਨੀ 'ਤੇ ਉਸ ਦੀ ਟਿੱਪਣੀ ਤੋਂ ਹੋਏ ਤਾਜ਼ਾ ਵਿਵਾਦ ਬਾਰੇ ਵੀ ਗੱਲ ਕੀਤੀ ਕਿ ਕਦੇ ਕਦਾਈਂ ਸਾਬਕਾ ਕਪਤਾਨ ਦੇ 'ਟਿਪਸ' ਗਲਤ ਹੋ ਜਾਂਦੇ ਹਨ।'' ਉਸ ਨੇ ਕਿਹਾ, ''ਮੇਰੇ ਵਰਗਾ ਨੌਜਵਾਨ ਟੀਮ ਦੇ ਇੰਨੇ ਸੀਨੀਅਰ ਮੈਂਬਰ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਿਵੇਂ ਕਰ ਸਕਦਾ ਹੈ? ਮੀਡੀਆ ਨੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਤਾਂ ਕਿ ਵਿਵਾਦ ਪੈਦਾ ਹੋ ਜਾਵੇ।'' ਉਸ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਟਿੱਪਸ ਸਿਰਫ ਮੇਰੇ ਲਈ ਹੀ ਨਹੀਂ ਸਗੋਂ ਪੂਰੀ ਟੀਮ ਲਈ ਅਹਿਮ ਰਹੇ ਹਨ। ਸਟੰਪ ਦੇ ਪਿੱਛੇ ਉਸ ਦੀ ਮੌਜੂਦਗੀ ਨਾਲ ਸਾਡਾ ਕੰਮ ਆਸਾਨ ਹੋ ਜਾਂਦਾ ਹੈ ਤੇ ਕੋਈ ਵੀ ਇਸ ਨੂੰ ਨਹੀਂ ਬਦਲ ਸਕਦਾ।''