''ਬਾਇਓ ਬਬਲ'' ''ਚ ਲਗਾਤਾਰ ਰਹਿਣਾ ਮਾਨਸਿਕ ਤੌਰ ''ਤੇ ਮੁਸ਼ਕਲ : ਵਿਰਾਟ ਕੋਹਲੀ
Friday, Nov 06, 2020 - 02:55 PM (IST)
ਦੁਬਈ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਲਗਾਤਾਰ 'ਬਾਇਓ ਬਬਲ' ਵਿਚ ਰਹਿਣਾ ਕ੍ਰਿਕਟਰਾਂ ਲਈ ਮਾਨਸਿਕ ਰੂਪ ਤੋਂ ਮੁਸ਼ਕਲ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜੈਵਿਕ ਸੁਰੱਖਿਅਤ ਮਾਹੌਲ ਵਿਚ ਖੇਡਣ ਲਈ ਕਿਸੇ ਵੀ ਦੌਰੇ ਦੀ ਮਿਆਦ 'ਤੇ ਵੀ ਧਿਆਨ ਦੇਣਾ ਹੋਵੇਗਾ। ਭਾਰਤੀ ਟੀਮ ਆਈ.ਪੀ.ਐਲ. ਦੇ ਤੁਰੰਤ ਬਾਅਦ ਆਸਟਰੇਲੀਆ ਰਵਾਨਾ ਹੋਵੇਗੀ, ਯਾਨੀ ਇਕ 'ਬਾਇਓ ਬਬਲ' ਤੋਂ ਉਸ ਨੂੰ ਦੂਜੇ ਵਿਚ ਜਾਣਾ ਹੋਵੇਗਾ।
ਕੋਹਲੀ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਯੂਟਿਊਬ ਚੈਨਲ 'ਤੇ ਕਿਹਾ, 'ਇਹ ਲਗਾਤਾਰ ਹੋ ਰਿਹਾ ਹੈ। ਸਾਡੇ ਕੋਲ ਚੰਗੀ ਟੀਮ ਹੈ ਤਾਂ ਇਹ ਓਨਾ ਔਖਾ ਨਹੀਂ ਲੱਗ ਰਿਹਾ। ਬਾਇਓ ਬਬਲ ਵਿਚ ਰਹਿ ਰਹੇ ਸਾਰੇ ਲੋਕ ਸ਼ਾਨਦਾਰ ਹਨ, ਮਾਹੌਲ ਚੰਗਾ ਹੈ। ਇਹੀ ਕਾਰਨ ਹੈ ਕਿ ਅਸੀਂ ਇਕੱਠੇ ਖੇਡਣ ਦਾ ਅਤੇ ਬਾਇਓ ਬਬਲ ਵਿਚ ਇਕੱਠੇ ਰਹਿਣ ਦਾ ਮਜ਼ਾ ਲੈ ਰਹੇ ਹਾਂ।' ਉਨ੍ਹਾਂ ਕਿਹਾ, 'ਪਰ ਲਗਾਤਾਰ ਅਜਿਹਾ ਹੋਣ ਨਾਲ ਇਹ ਕਠਿਨ ਹੋ ਜਾਂਦਾ ਹੈ। ਆਈ.ਪੀ.ਐਲ. ਖੇਡ ਰਹੇ ਕ੍ਰਿਕਟਰ ਅਗਸਤ ਤੋਂ ਯੂ.ਏ.ਈ. ਵਿਚ ਹਨ। ਇਸ ਦੇ ਬਾਅਦ ਭਾਰਤੀ ਟੀਮ ਵਿਚ ਸ਼ਾਮਲ ਸਾਰੇ ਖਿਡਾਰੀ ਆਸਟਰੇਲੀਆ ਰਵਾਨਾ ਹੋ ਜਾਣਗੇ, ਯਾਨੀ ਬਾਹਰੀ ਦੁਨੀਆ ਤੋਂ ਲੰਬੇ ਸਮੇਂ ਤੱਕ ਕੱਟੇ ਰਹਿਣਗੇ ।
ਕੋਹਲੀ ਨੇ ਕਿਹਾ, 'ਮਾਨਸਿਕ ਥਕਾਵਟ 'ਤੇ ਵੀ ਧਿਆਨ ਦੇਣਾ ਹੋਵੇਗਾ। ਟੂਰਨਾਮੈਂਟ ਜਾਂ ਦੌਰਾ ਕਿੰਨਾ ਲੰਮਾ ਹੈ ਅਤੇ ਖਿਡਾਰੀਆਂ 'ਤੇ ਮਾਨਸਿਕ ਰੂਪ ਤੋਂ ਇਸ ਦਾ ਕੀ ਅਸਰ ਪਵੇਗਾ ਆਦਿ। ਇਕ ਵਰਗੇ ਮਾਹੌਲ ਵਿਚ 80 ਦਿਨ ਤੱਕ ਰਹਿਣਾ ਅਤੇ ਦੂਜਾ ਕੁੱਝ ਨਾ ਕਰਣਾ। ਜਾਂ ਵਿਚ-ਵਿਚ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੋਣਾ । ਇਨ੍ਹਾਂ ਚੀਜ਼ਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਣਾ ਹੋਵੇਗਾ।' ਉਨ੍ਹਾਂ ਕਿਹਾ, 'ਅਖ਼ੀਰ ਵਿਚ ਤਾਂ ਤੁਸੀਂ ਚਾਹੁੰਦੇ ਹੋ ਕਿ ਖਿਡਾਰੀ ਮਾਨਸਿਕ ਰੂਪ ਤੋਂ ਪੂਰੀ ਤਰ੍ਹਾਂ ਫਿੱਟ ਰਹੇ ਤਾਂ ਇਸ ਸਬੰਧੀ ਗੱਲਬਾਤ ਨਿਯਮਿਤ ਤੌਰ 'ਤੇ ਹੋਣੀ ਚਾਹੀਦੀ ਹੈ।'
ਭਾਰਤੀ ਟੀਮ ਆਸਟਰੇਲੀਆ ਵਿਚ ਤਿੰਨ ਵਨਡੇ, ਤਿੰਨ ਟੀ20 ਅਤੇ ਚਾਰ ਟੈਸਟ ਖੇਡਣ ਦੇ ਬਾਅਦ ਇੰਗਲੈਂਡ ਖ਼ਿਲਾਫ਼ ਪੂਰੀ ਲੜੀ ਖੇਡੇਗੀ ਜੋ ਜੈਵਿਕ ਸੁਰੱਖਿਅਤ ਮਾਹੌਲ ਵਿਚ ਹੀ ਹੋਵੇਗੀ। ਆਸਟਰੇਲੀਆ ਦੇ ਡੈਵਿਡ ਵਾਰਨਰ ਅਤੇ ਸਟੀਵ ਸਮਿਥ ਵੀ 'ਬਾਇਓ ਬਬਲ' ਤੋਂ ਹੋ ਰਹੀ ਮਾਨਸਿਕ ਥਕਾਵਟ ਕਾਰਨ ਬਿੱਗ ਬੈਸ਼ ਲੀਗ ਖੇਡਣ ਤੋਂ ਇਨਕਾਰ ਕਰ ਚੁੱਕੇ ਹਨ। ਇੰਗਲੈਂਡ ਦੇ ਸੈਮ ਕੁਰੇਨ ਅਤੇ ਜੋਫਰਾ ਆਰਚਰ ਵੀ ਬਬਲ ਤੋਂ ਨਿਕਲਣ ਦੇ ਦਿਨ ਗਿਣ ਰਹੇ ਹਨ।