ਅਭਿਆਸ ਮੈਚ 'ਚ ਹਨੁਮਾ ਅਤੇ ਪੁਜਾਰਾ ਨੂੰ ਛੱਡ ਬਾਕੀ ਸਭ ਬੱਲੇਬਾਜ਼ਾਂ ਦਾ ਰਿਹਾ ਫਲਾਪ ਸ਼ੋਅ

02/14/2020 1:06:05 PM

ਸਪੋਰਸਟ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਆਗਾਜ਼ 21 ਫਰਵਰੀ ਨੂੰ ਹੋਣਾ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਦਿਨੀਂ ਅਭਿਆਸ ਮੈਚ ਖੇਡਿਆ ਜਾ ਰਿਹਾ ਹੈ। ਅਭਿਆਸ ਮੈਚ ਦੇ ਪਹਿਲੇ ਦਿਨ ਚੇਤੇਸ਼ਵਰ ਪੁਜਾਰਾ ਅਤੇ ਹਨੁਮਾ ਵਿਹਾਰੀ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ਾਂ ਨੇ ਕਾਫ਼ੀ ਨਿਰਾਸ਼ ਕੀਤਾ। ਨਿਊਜ਼ੀਲੈਂਡ XI ਖਿਲਾਫ ਭਾਰਤੀ ਟੀਮ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ 'ਤੇ 263 ਰਣ ਬਣਾਈਆਂ। ਹਨੁਮਾ ਵਿਹਾਰੀ 101 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਏ, ਜਦ ਕਿ ਚੇਤੇਸ਼ਵਰ ਪੁਜਾਰਾ ਨੇ 93 ਦੌੜਾਂ ਦੀ ਪਾਰੀ ਖੇਡੀ। ਸੱਤ ਬੱਲੇਬਾਜ਼ ਤਾਂ ਦਹਾਈ ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੇ। 

ਟੈਸਟ ਸੀਰੀਜ਼ ਤੋਂ ਪਹਿਲਾਂ ਬੱਲੇਬਾਜ਼ਾਂ ਦਾ ਇਹ ਹਾਲ ਦੇਖ ਕੇ ਟੀਮ ਮੈਨੇਜਮੈਂਟ ਦੀ ਪ੍ਰੇਸ਼ਾਨੀ ਜਰੂਰ ਵੱਧ ਗਈ ਹੋਵੇਗੀ। ਅਭਿਆਸ ਮੈਚ 'ਚ ਦੋਵਾਂ ਟੀਮਾਂ ਦੀ ਸਹਿਮਤੀ ਤੋਂ ਬਾਅਦ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਉਤਰੀ। ਇਸ ਅਭਿਆਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਖੇਡਣ ਨਹੀਂ ਉਤਰੇ। ਭਾਰਤੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਪਾਰੀ ਦੀ ਸ਼ੁਰੂਆਤ ਕਰਨ ਉਤਰੇ ਪ੍ਰਿਥਵੀ ਸ਼ਾਹ ਬਿਨਾਂ ਖਾਤਾ ਖੋਲੇ ਹੀ ਪਹਿਲੇ ਹੀ ਓਵਰ 'ਚ ਸਕਾਟ ਕੁਗਲੇਜ਼ਿਨ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਦੂਜਾ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ 13 ਗੇਂਦਾਂ 'ਤੇ 1 ਦੌੜ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਸ਼ੁਭਮਨ ਗਿਲ ਗੋਲਡਨ ਡੱਕ (ਪਹਿਲੀ ਹੀ ਗੇਂਦ 'ਤੇ ਆਊਟ) 'ਤੇ ਪਵੇਲੀਅਨ ਪਰਤਿਆ ਅਤੇ ਭਾਰਤ ਨੇ ਇਸ ਤਰ੍ਹਾਂ ਨਾਲ ਪੰਜ ਦੌੜਾਂ ਤੱਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ।PunjabKesari
ਹਾਲਾਂਕਿ ਪੁਜਾਰਾ ਅਤੇ ਵਿਹਾਰੀ ਨੇ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਸਕੋਰ 38 ਤੋਂ 233 ਦੌੜਾਂ ਤਕ ਪਹੁੰਚਾਇਆ। ਪੁਜਾਰਾ 93 ਦੌੜਾਂ ਬਣਾ ਕੇ ਜੈੱਕ ਗਿਬਸਨ ਦਾ ਸ਼ਿਕਾਰ ਬਣਿਆ। ਉਪ-ਕਪਤਾਨ ਅਜਿੰਕਿਆ ਰਹਾਨੇ 18 ਦੌੜਾਂ ਬਣਾ ਕੇ ਆਊਟ ਹੋਇਆ। ਇਸ ਮੈਚ 'ਚ ਵੀ ਰਿਸ਼ਭ ਪੰਤ ਦੀ ਖ਼ਰਾਬ ਫ਼ਾਰਮ ਜਾਰੀ ਰਹੀ ਅਤੇ ਉਹ 7 ਦੌੜਾਂ ਬਣਾ ਕੇ ਪਵੇਲੀਅਨ ਪਰਤਿਆ। ਉਥੇ ਹੀ ਰਿਧੀਮਾਨ ਸਾਹਾ ਅਤੇ ਰਵਿਚੰਦਰਨ ਅਸ਼ਵਿਨ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਰਵਿੰਦਰ ਜਡੇਜਾ 8 ਦੌੜਾਂ ਕੇ ਆਊਟ ਹੋਇਆ ਅਤੇ ਉਮੇਸ਼ ਯਾਦਵ 9 ਦੌੜਾਂ ਬਣਾ ਕੇ ਅਜੇਤੂ ਰਿਹਾ। ਨਿਊਜੀਲੈਂਡ XI ਵਲੋਂ ਸਕਾਟ ਕੁਗਲੇਜ਼ਿਨ ਅਤੇ ਈਸ਼ ਸੋਢੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜੈੱਕ ਗਿਬਸਨ ਨੇ ਦੋ ਜਦ ਕਿ ਜੇਮਸ ਨੀਸ਼ਮ ਨੇ ਇਕ ਵਿਕਟ ਹਾਸਲ ਕੀਤੀ।


Related News