ਵਿਦਰਭ ਨੇ ਜਿੱਤਿਆ ਇਰਾਨੀ ਕੱਪ

Tuesday, Oct 07, 2025 - 10:37 AM (IST)

ਵਿਦਰਭ ਨੇ ਜਿੱਤਿਆ ਇਰਾਨੀ ਕੱਪ

ਸਪੋਰਟਸ ਡੈਸਕ- ਯਸ਼ ਧੂਲ ਦੀ 92 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਰੈੱਸਟ ਆਫ ਇੰਡੀਆ ਦੀ ਟੀਮ ਨੂੰ ਅੱਜ ਇੱਥੇ ਕ੍ਰਿਕਟ ਮੈਚ ਦੇ ਪੰਜਵੇਂ ਦਿਨ ਇਰਾਨੀ ਕੱਪ ਫਾਈਨਲ ’ਚ ਵਿਦਰਭ ਹੱਥੋਂ 93 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਖੱਬੇ ਹੱਥ ਦੇ ਸਪਿੰਨਰ ਹਰਸ਼ ਦੂਬੇ (73 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਯਸ਼ ਠਾਕੁਰ (47 ਦੌੜਾਂ ਦੇ ਕੇ ਦੋ ਵਿਕਟਾਂ) ਦੀ ਅਗਵਾਈ ਹੇਠ ਵਿਦਰਭ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 361 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਰੈੱਸਟ ਆਫ ਇੰਡੀਆ ਦੀ ਪਾਰੀ ਨੂੰ ਦਿਨ ਦੇ ਦੂਜੇ ਸੈਸ਼ਨ ਵਿੱਚ 267 ਦੌੜਾਂ ’ਤੇ ਸਮੇਟ ਦਿੱਤਾ। 

ਦੂਬੇ ਅਤੇ ਠਾਕੁਰ ਦੋਵਾਂ ਨੇ ਇਸ ਮੈਚ ਵਿੱਚ ਛੇ-ਛੇ ਵਿਕਟਾਂ ਲੈ ਕੇ ਵਿਦਰਭ ਨੂੰ ਤੀਜੀ ਵਾਰ ਇਰਾਨੀ ਕੱਪ ਦਾ ਚੈਂਪੀਅਨ ਬਣਾਇਆ। ਰੈੱਸਟ ਆਫ ਇੰਡੀਆ ਨੇ ਮੈਚ ਦੇ ਆਖਰੀ ਦਿਨ ਦੋ ਵਿਕਟਾਂ ’ਤੇ 30 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ 133 ਦੌੜਾਂ ਤੱਕ ਛੇ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਧੂਲ ਨੇ ਮਾਨਵ ਸੁਥਾਰ (56) ਨਾਲ ਮਿਲ ਕੇ 104 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦੀਆਂ ਉਮੀਦਾਂ ਜਗਾਈਆਂ। ਹਾਲਾਂਕਿ ਠਾਕੁਰ ਨੇ ਧੂਲ ਨੂੰ ਆਊਟ ਕਰਕੇ ਵਿਦਰਭ ਦਾ ਦਬਦਬਾ ਕਾਇਮ ਕਰ ਦਿੱਤਾ।

ਧੂਲ ਦੇ ਹਮਲਾਵਰ ਸ਼ਾਟ ’ਤੇ ਡੀਪ ਥਰਡ ਮੈਨ ਦੀ ਦਿਸ਼ਾ ਵਿੱਚ ਅਥਰਵ ਤਾਇਡੇ ਨੇ ਸ਼ਾਨਦਾਰ ਕੈਚ ਫੜਿਆ। ਇਸ ਤੋਂ ਬਾਅਦ ਠਾਕੁਰ ਨੇ ਧੂਲ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ, ਜਿਸ ਕਾਰਨ ਦੋਵਾਂ ਖਿਡਾਰੀਆਂ ਵਿਚਾਲੇ ਮੈਦਾਨ ’ਤੇ ਤਣਾਅ ਦੇਖਣ ਨੂੰ ਮਿਲਿਆ। ਦੋਵਾਂ ਅੰਪਾਇਰਾਂ ਨੇ ਮਾਹੌਲ ਸ਼ਾਂਤ ਕੀਤਾ। ਮੈਚ ਰੈਫਰੀ ਦੋਵਾਂ ’ਤੇ ਜੁਰਮਾਨਾ ਲਗਾ ਸਕਦਾ ਹੈ। ਇਸ ਮਗਰੋਂ ਠਾਕੁਰ ਨੇ ਅਗਲੀ ਹੀ ਗੇਂਦ ’ਤੇ ਆਕਾਸ਼ ਦੀਪ ਨੂੰ ਬੋਲਡ ਕਰ ਦਿੱਤਾ ਅਤੇ ਫਿਰ ਦੂਬੇ ਨੇ ਮੈਚ ਖ਼ਤਮ ਕਰ ਦਿੱਤਾ।
 


author

Tarsem Singh

Content Editor

Related News