ਗਾਬਾ ਟੈਸਟ ਦੌਰਾਨ ਦਿੱਗਜ ਖਿਡਾਰੀ ਜ਼ਖਮੀ, ਅਚਾਨਕ ਹਸਪਤਾਲ ਲਿਜਾਣਾ ਪਿਆ
Tuesday, Dec 17, 2024 - 03:29 PM (IST)
ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਗਾਬਾ ਵਿਖੇ ਬਾਰਡਰ ਗਾਵਸਕਰ ਸੀਰੀਜ਼ ਦੇ ਤੀਜੇ ਟੈਸਟ ਮੈਚ ਦੇ ਦੌਰਾਨ ਆਸਟਰੇਲਿਆਈ ਟੀਮ ਦਾ ਇੱਕ ਘਾਤਕ ਗੇਂਦਬਾਜ਼ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਹੈ।
ਜੋਸ਼ ਹੇਜ਼ਲਵੁੱਡ ਜ਼ਖਮੀ, ਮੈਦਾਨ ਛੱਡ ਕੇ ਚਲੇ ਗਏ
ਜੋਸ਼ ਹੇਜ਼ਲਵੁੱਡ ਆਸਟਰੇਲੀਆ ਦੇ ਗੇਂਦਬਾਜ਼ੀ ਹਮਲੇ ਦਾ ਅਹਿਮ ਹਿੱਸਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ 'ਚ ਖੇਡੇ ਜਾ ਰਹੇ ਬਾਰਡਰ ਗਾਵਸਕਰ ਟਰਾਫੀ ਦੇ ਤੀਜੇ ਮੈਚ ਦੇ ਚੌਥੇ ਦਿਨ ਜੋਸ਼ ਹੇਜ਼ਲਵੁੱਡ ਨੂੰ ਸੱਟ ਕਾਰਨ ਮੈਦਾਨ ਛੱਡਣਾ ਪਿਆ। ਭਾਰਤ ਦੀ ਪਾਰੀ ਦੌਰਾਨ ਉਹ ਚੌਥੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਸਿਰਫ਼ ਇੱਕ ਓਵਰ ਹੀ ਸੁੱਟ ਸਕਿਆ। ਉਸ ਨੂੰ ਵਿੱਖੀ ਦੀਆਂ ਮਾਸਪੇਸ਼ੀਆਂ ਦੀ ਸਮੱਸਿਆ ਹੈ। ਇਸ ਤੋਂ ਬਾਅਦ ਹੇਜ਼ਲਵੁੱਡ ਨੂੰ ਮੈਦਾਨ ਛੱਡਣਾ ਪਿਆ।
ਹੇਜ਼ਲਵੁੱਡ ਨੂੰ ਹਸਪਤਾਲ ਲਿਜਾਇਆ ਗਿਆ
ਜੋਸ਼ ਹੇਜ਼ਲਵੁੱਡ ਦੇ ਜ਼ਖਮੀ ਹੋਣ ਤੋਂ ਬਾਅਦ, ਉਨ੍ਹਾਂ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਐਕਸ ਹੈਂਡਲ ਰਾਹੀਂ ਜੋਸ਼ ਹੇਜ਼ਲਵੁੱਡ ਦੀ ਸੱਟ ਬਾਰੇ ਅਪਡੇਟ ਦਿੰਦੇ ਹੋਏ ਕਿਹਾ, 'ਆਸਟ੍ਰੇਲੀਆਈ ਟੀਮ ਦੇ ਬੁਲਾਰੇ ਨੇ ਕਿਹਾ ਕਿ ਹੇਜ਼ਲਵੁੱਡ ਵੱਖੀ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਤੇਜ਼ ਗੇਂਦਬਾਜ਼ ਦੀ ਸੱਟ ਦੀ ਹੱਦ ਦਾ ਪਤਾ ਲਗਾਉਣ ਲਈ ਮੈਡੀਕਲ ਸਕੈਨ ਕਰਵਾਇਆ ਜਾਵੇਗਾ। '
ਹੇਜ਼ਲਵੁੱਡ ਵੀ ਐਡੀਲੇਡ ਟੈਸਟ ਤੋਂ ਬਾਹਰ ਹੋ ਗਿਆ ਸੀ
ਜ਼ਿਕਰਯੋਗ ਹੈ ਕਿ ਪਰਥ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਮੈਚ 'ਚ ਜੋਸ਼ ਹੇਜ਼ਲਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਉਸ ਨੇ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ਵਿੱਚ 1 ਵਿਕਟ ਲਈ। ਹਾਲਾਂਕਿ ਇਸ ਤੋਂ ਬਾਅਦ ਉਹ ਸੱਟ ਕਾਰਨ ਐਡੀਲੇਡ ਟੈਸਟ ਦਾ ਹਿੱਸਾ ਨਹੀਂ ਬਣ ਸਕੇ। ਉਨ੍ਹਾਂ ਦੀ ਥਾਂ 'ਤੇ ਸਕਾਟ ਬੌਲੈਂਡ ਨੂੰ ਆਸਟ੍ਰੇਲੀਆਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਸੱਟ ਤੋਂ ਉਭਰਨ ਤੋਂ ਬਾਅਦ, ਜੋਸ਼ ਨੇ ਗਾਬਾ ਟੈਸਟ ਰਾਹੀਂ ਵਾਪਸੀ ਕੀਤੀ। ਪਰ ਉਸ ਦੀ ਸੱਟ ਇਕ ਵਾਰ ਫਿਰ ਕੰਗਾਰੂ ਟੀਮ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ ਉਸ ਦੀ ਸੱਟ ਇੰਨੀ ਗੰਭੀਰ ਨਹੀਂ ਹੈ।