23 ਸਾਲਾਂ ''ਚ ਸਭ ਤੋਂ ਵੱਡੀ ਉਮਰ ਦੀ ਸੈਮੀਫਾਈਨਲਿਸਟ ਖਿਡਾਰਨ ਬਣੀ ਵੀਨਸ
Wednesday, Jul 12, 2017 - 04:17 AM (IST)
ਲੰਡਨ— ਪੰਜ ਵਾਰ ਦੀ ਚੈਂਪੀਅਨ ਰਹਿ ਚੁੱਕੀ ਅਮਰੀਕਾ ਦੀ ਵੀਨਸ ਵਿਲੀਅਮਸ ਨੇ ਨੌਜਵਾਨ ਖਿਡਾਰੀਆਂ ਨੂੰ ਢੇਰ ਕਰਨ ਦਾ ਸਿਲਸਿਲਾ ਜਾਰੀ ਰੱਖਦਿਆਂ ਫ੍ਰੈਂਚ ਓਪਨ ਚੈਂਪੀਅਨ ਲਾਤੀਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ 6-3, 7-5 ਨਾਲ ਹਰਾ ਕੇ ਵਿੰਬਲਡਨ ਦੇ ਮਹਿਲਾ ਵਰਗ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਤੇ ਇਸਦੇ ਨਾਲ ਹੀ ਉਹ ਪਿਛਲੇ 23 ਸਾਲਾਂ ਵਿਚ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਸਭ ਤੋਂ ਵੱਡੀ ਉਮਰ ਦੀ ਖਿਡਾਰਨ ਬਣ ਗਈ। ਵੀਨਸ ਪਿਛਲੇ ਮਹੀਨੇ 37 ਸਾਲ ਦੀ ਹੋਈ ਸੀ।
ਦੂਜੇ ਪਾਸੇ 2015 ਦੀ ਰਨਰ ਅਪ ਗਰਬਾਈਨ ਮੁਗੁਰੂਜਾ ਨੇ ਸੱਤਵੀਂ ਸੀਡ ਰੂਸ ਦੀ ਸਵੇਤਲਾਨਾ ਕੁਜਨੇਤੋਸਵਾ ਨੂੰ 6-3, 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। 14ਵਾਂ ਦਰਜਾ ਮੁਗੁਰੂਜਾ 2016 ਵਿਚ ਫ੍ਰੈਂਚ ਓਪਨ ਚੈਂਪੀਅਨ ਰਹਿ ਚੁੱਕੀ ਹੈ ਤੇ ਉਹ ਪਿਛਲੇ ਸਾਲ ਵਿੰਬਲਡਨ ਦੇ ਫਾਈਨਲ ਵਿਚ ਸੇਰੇਨਾ ਵਿਲੀਅਮਸ ਤੋਂ ਹਾਰ ਗਈ ਸੀ।
