ਮੁੰਬਈ ਓਪਨ ਟੈਨਿਸ ''ਚ ਵੈਦੇਹੀ ਚੌਧਰੀ ਪਹਿਲੇ ਹੀ ਦੌਰ ''ਚ ਹਾਰ ਕੇ ਬਾਹਰ
Tuesday, Feb 03, 2026 - 11:42 AM (IST)
ਮੁੰਬਈ : ਮੁੰਬਈ ਓਪਨ 125 ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦੇਸ਼ ਦੀ ਦੂਜੇ ਨੰਬਰ ਦੀ ਮਹਿਲਾ ਸਿੰਗਲਜ਼ ਖਿਡਾਰਨ ਵੈਦੇਹੀ ਚੌਧਰੀ ਸੋਮਵਾਰ ਨੂੰ ਪਹਿਲੇ ਦੌਰ ਦੇ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਈ। ਵੈਦੇਹੀ ਨੂੰ ਤੀਜੀ ਸੀਡ ਪ੍ਰਾਪਤ ਫਰਾਂਸ ਦੀ ਲਿਓਲੀਆ ਜੀਨਜੀਨ ਨੇ ਸਿੱਧੇ ਸੈੱਟਾਂ ਵਿੱਚ 6-2, 6-0 ਨਾਲ ਕਰਾਰੀ ਸ਼ਿਕਸਤ ਦਿੱਤੀ।
ਜੀਨਜੀਨ ਨੇ ਆਪਣੀ ਸ਼ਾਨਦਾਰ ਲੈਅ ਦਿਖਾਉਂਦਿਆਂ ਇਹ ਮੁਕਾਬਲਾ ਸਿਰਫ਼ ਇੱਕ ਘੰਟੇ ਤੋਂ ਕੁਝ ਵੱਧ ਸਮੇਂ ਵਿੱਚ ਆਪਣੇ ਨਾਮ ਕਰ ਲਿਆ। ਜ਼ਿਕਰਯੋਗ ਹੈ ਕਿ ਲਿਓਲੀਆ ਜੀਨਜੀਨ ਉਹੀ ਖਿਡਾਰਨ ਹੈ ਜਿਸ ਨੇ 2022 ਦੇ ਫ੍ਰੈਂਚ ਓਪਨ ਵਿੱਚ ਸਾਬਕਾ ਵਿਸ਼ਵ ਨੰਬਰ ਇੱਕ ਕੈਰੋਲੀਨਾ ਪਲਿਸਕੋਵਾ ਨੂੰ ਹਰਾ ਕੇ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ, ਦਿਨ ਦੇ ਹੋਰ ਮੁਕਾਬਲਿਆਂ ਵਿੱਚ ਮਨਾਚਯਾ ਸਨਵਾਨਗਕਾਵ, ਮਾਈ ਹੋਨਟਾਮਾ, ਮਿਸਾਕੀ ਮਾਤਸੁਦਾ, ਮਿਹੋ ਕੁਰਮੋਚੀ ਅਤੇ ਮੇਈ ਯਾਮਾਗੁਚੀ ਨੇ ਆਪਣੇ-ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ।
