ਵੈਭਵ ਸੂਰਯਵੰਸ਼ੀ ਰਣਜੀ ਟਰਾਫੀ ਲਈ ਬਿਹਾਰ ਦਾ ਉਪ ਕਪਤਾਨ ਨਿਯੁਕਤ
Tuesday, Oct 14, 2025 - 12:31 PM (IST)

ਪਟਨਾ– ਬਿਹਾਰ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਆਗਾਮੀ ਰਣਜੀ ਟਰਾਫੀ ਸੈਸ਼ਨ ਦੇ ਪਹਿਲੇ ਦੋ ਮੈਚਾਂ ਲਈ 14 ਸਾਲਾ ਪ੍ਰਤਿਭਾਸ਼ਾਲੀ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ ਜਦਕਿ ਸਕੀਬੁਲ ਗਨੀ ਟੀਮ ਦਾ ਕਪਤਾਨ ਹੋਵੇਗਾ। ਪਿਛਲੇ ਰਣਜੀ ਸੈਸ਼ਨ ਵਿਚ ਇਕ ਵੀ ਜਿੱਤ ਦਰਜ ਨਾ ਕਰ ਸਕਣ ਕਾਰਨ ਬਿਹਾਰ ਪਲੇਟ ਲੀਗ ਵਿਚ ਖਿਸਕ ਗਿਆ ਸੀ।
ਸੂਰਯਵੰਸ਼ੀ ਨੇ 2023-24 ਸੈਸ਼ਨ ਵਿਚ 12 ਸਾਲ ਦੀ ਉਮਰ ਵਿਚ ਰਣਜੀ ਟਰਾਫੀ ਵਿਚ ਡੈਬਿਊ ਕੀਤਾ ਸੀ। ਬਾਅਦ ਵਿਚ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਕਰਾਰ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ (13 ਸਾਲ) ਦਾ ਖਿਡਾਰੀ ਬਣ ਗਿਆ। ਉਸ ਨੇ ਭਾਰਤ ਦੀ ਅੰਡਰ-19 ਟੀਮ ਦੇ ਨਾਲ ਇੰਗਲੈਂਡ ਤੇ ਆਸਟ੍ਰੇਲੀਆ ਦਾ ਦੌਰਾ ਵੀ ਕੀਤਾ ਹੈ।
ਸੂਰਯਵੰਸ਼ੀ ਨੂੰ ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼ ਨੇ ਆਪਣੀ ਟੀਮ ਵਿਚ ਚੁਣਿਆ ਸੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਗੁਜਰਾਤ ਟਾਈਟਨਜ਼ ਵਿਰੁੱਧ ਸਿਰਫ 35 ਗੇਂਦਾਂ ਵਿਚ ਸੈਂਕੜਾ ਲਾ ਕੇ ਪੁਰਸ਼ ਕ੍ਰਿਕਟ ਵਿਚ ਟੀ-20 ਵਿਚ ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ (14) ਦਾ ਵਿਸ਼ਵ ਰਿਕਾਰਡ ਬਣਾਇਆ। ਇਹ ਆਈ. ਪੀ. ਐੱਲ. ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਵੀ ਸੀ।