ਅੰਡਰ-19 ਵਿਸ਼ਵ ਕੱਪ : ਭਾਰਤ ਨੇ ਆਸਟ੍ਰੇਲੀਆ ਨੂੰ 100 ਦੌੜਾਂ ਨਾਲ ਹਰਾਇਆ

01/15/2018 9:01:32 AM

ਮਾਊਂਟ ਮਾਨਗਨੂਈ, (ਬਿਊਰੋ)— ਪ੍ਰਿਥਵੀ ਸ਼ਾਹ (94 ਦੌੜਾਂ) ਦੀ ਜ਼ਬਰਦਸਤ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਸ਼ਿਵਮ ਮਾਵੀ ਅਤੇ ਕਮਲੇਸ਼ ਨਾਗਰਕੋਟੀ (3-3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਐਤਵਾਰ ਆਸਟ੍ਰੇਲੀਆ ਨੂੰ 100 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਅੰਡਰ-19 ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ 'ਤੇ 328 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਇਸ ਦੇ ਜਵਾਬ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ 42.5 ਓਵਰਾਂ 'ਚ 228 ਦੌੜਾਂ 'ਤੇ ਆਲ ਆਊਟ ਹੋ ਗਈ।
ਭਾਰਤੀ ਟੀਮ ਲਈ ਉਸ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹਰਫਨਮੌਲਾ ਪ੍ਰਦਰਸ਼ਨ ਕੀਤਾ ਅਤੇ ਓਪਨਰਾਂ ਪ੍ਰਿਥਵੀ ਤੇ ਮਨਜੋਤ ਕਾਲੜਾ ਨੇ ਪਹਿਲੀ ਵਿਕਟ ਲਈ 180 ਦੌੜਾਂ ਦੀ ਸਾਂਝੇਦਾਰੀ ਕਰ ਕੇ ਮੈਚ ਦੀ ਮਜ਼ਬੂਤ ਨੀਂਹ ਰੱਖੀ। ਪ੍ਰਿਥਵੀ ਨੇ 100 ਗੇਂਦਾਂ ਦੀ ਪਾਰੀ ਵਿਚ 8 ਚੌਕੇ ਤੇ 2 ਛੱਕੇ ਲਾ ਕੇ 94 ਦੌੜਾਂ ਦੀ ਮਜ਼ਬੂਤ ਪਾਰੀ ਖੇਡੀ, ਹਾਲਾਂਕਿ ਉਹ ਆਪਣੇ ਸੈਂਕੜੇ ਤੋਂ 6 ਦੌੜਾਂ ਦੂਰ ਰਹਿ ਗਿਆ ਤੇ ਆਸਟ੍ਰੇਲੀਆਈ ਗੇਂਦਬਾਜ਼ ਵਿਲ ਸਦਰਲੈਂਡ ਨੇ ਉਸ ਨੂੰ ਆਊਟ ਕਰ ਕੇ ਭਾਰਤ ਦੀ ਪਹਿਲੀ ਵਿਕਟ ਕੱਢੀ।
ਮਨਜੋਤ ਨੇ 99 ਗੇਂਦਾਂ ਦੀ ਪਾਰੀ ਵਿਚ 12 ਚੌਕੇ ਤੇ ਇਕ ਛੱਕਾ ਲਾ ਕੇ 86 ਦੌੜਾਂ ਬਣਾਈਆਂ ਤੇ ਤੀਜੇ ਬੱਲੇਬਾਜ਼ ਸ਼ੁਭਮ ਗਿੱਲ ਨੇ ਵੀ ਅਰਧ ਸੈਂਕੜਾ ਲਾਇਆ ਤੇ ਭਾਰਤ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਸ਼ੁਭਮ ਨੇ 54 ਗੇਂਦਾਂ ਦੀ ਪਾਰੀ 'ਚ 6 ਚੌਕੇ ਤੇ 1 ਛੱਕਾ ਲਾਇਆ ਤੇ 63 ਦੌੜਾਂ ਬਣਾਈਆਂ। ਭਾਰਤ ਦੇ ਤਿੰਨੋਂ ਓਪਨਿੰਗ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਬਣਾਏ। 
ਹਿਮਾਂਸ਼ੂ ਰਾਣਾ 14 ਦੌੜਾਂ ਬਣਾ ਕੇ, ਜਦਕਿ ਸ਼ੁਭਮ 272 ਦੌੜਾਂ ਦੇ ਸਕੋਰ 'ਤੇ ਚੌਥੇ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ। ਹੇਠਲੇਕ੍ਰਮ ਵਿਚ ਅਭਿਸ਼ੇਕ ਸ਼ਰਮਾ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਨਾਗਰਕੋਟੀ (11) ਤੇ ਆਰੀਅਨ ਜੁਆਲ (8) ਅਜੇਤੂ ਰਹੇ। ਪ੍ਰਿਥਵੀ ਸ਼ਾਹ ਨੂੰ ਉਸ ਦੀ ਪਾਰੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ।
ਭਾਰਤ ਤੋਂ ਮਿਲੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਵੀ ਮੈਚ 'ਚ ਚੰਗੀ ਸ਼ੁਰੂਆਤ ਰਹੀ ਤੇ ਐਡਵਰਡਸ (73) ਤੇ ਮੈਕਸ ਬ੍ਰਾਇੰਟ (29) ਨੇ ਪਹਿਲੀ ਵਿਕਟ ਲਈ 57 ਦੌੜਾਂ ਜੋੜੀਆਂ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਮਾਵੀ ਤੇ ਨਾਗਰਕੋਟੀ ਨੇ ਆਸਟ੍ਰੇਲੀਆ ਦੇ ਮੱਧਕ੍ਰਮ ਤੇ ਹੇਠਲੇਕ੍ਰਮ ਨੂੰ ਟਿਕਣ ਨਹੀਂ ਦਿੱਤਾ। 
ਬੈਕਸਟਰ ਹੋਲਟ (39) ਨੂੰ ਮਾਵੀ ਨੇ ਐੱਲ. ਬੀ. ਡਬਲਯੂ. ਕਰ ਕੇ ਆਸਟ੍ਰੇਲੀਆ ਦੀ ਆਖਰੀ ਵਿਕਟ ਕੱਢੀ ਤੇ ਪੂਰੀ ਟੀਮ 228 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਵਲੋਂ ਮਾਵੀ ਨੇ 8.5 ਓਵਰਾਂ 'ਚ 45 ਦੌੜਾਂ 'ਤੇ 3 ਵਿਕਟਾਂ ਤੇ ਨਾਗਰਕੋਟੀ ਨੇ 29 ਦੌੜਾਂ 'ਤੇ 3 ਵਿਕਟਾਂ ਲਈਆਂ। ਅਭਿਸ਼ੇਕ ਤੇ ਏ. ਐੱਸ. ਰਾਏ ਨੂੰ 1-1 ਵਿਕਟ ਮਿਲੀ।


Related News