ਅੰਡਰ-19 ਵਿਸ਼ਵ ਕੱਪ ਦਾ ਇਹ ਚੈਂਪੀਅਨ ਕ੍ਰਿਕਟ ਤੋਂ ਹੋਇਆ ਦੂਰ, ਦ੍ਰਾਵਿੜ ਨੇ ਦੱਸਿਆ ਐਂਟਰੀ ਦਾ ਫਾਰਮੁੱਲਾ
Wednesday, Apr 10, 2019 - 05:56 PM (IST)

ਜਲੰਧਰ : ਆਪਣੀ ਗੇਂਦਬਾਜ਼ੀ ਅਤੇ ਰਫਤਾਰ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਫਿਰ ਪਹਿਲੀ ਵਾਰ ਵਿਚ ਹੀ ਆਈ. ਪੀ. ਐੱਲ. ਵਿਚ ਸ਼ਾਮਲ ਹੋ ਗਿਆ। ਉਸ ਨੂੰ 3.2 ਕਰੋੜ ਰੁਪਏ ਦੀ ਮੋਟੀ ਰਕਮ ਦੇ ਨਾਲ ਕੋਲਕਾਤਾ ਨੇ ਆਪਣੀ ਟੀਮ ਵਿਚ ਸ਼ਾਮਲ ਕੀਤਾ। ਸਿਰਫ 18 ਸਾਲ ਦੀ ਉਮਰ 'ਚ 149 ਕਿਮੀ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਉਸ ਨੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਸਮੇਤ ਇਆਨ ਬਿਸ਼ਪ ਵਰਗੇ ਧਾਕੜ ਖਿਡਾਰੀਆਂ ਨੂੰ ਹੈਰਾ ਕਰ ਦਿੱਤਾ। ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਦਿਆਂ ਉਸ ਦੀ ਤਾਰੀਫ ਵੀ ਕੀਤੀ ਸੀ।
ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਿੱਥੇ ਸਾਥੀ ਖਿਡਾਰੀ ਪ੍ਰਿਥਵੀ ਸ਼ਾਹ ਅਤੇ ਸ਼ੁਭਮਨ ਗਿਲ ਭਾਰਤ ਲਈ ਡੈਬਿਯੂ ਕਰ ਚੁੱਕੇ ਹਨ ਉੱਥੇ ਹੀ ਨਾਗਰਕੋਟੀ ਸੱਟ ਦੀ ਵਜ੍ਹਾ ਨਾਲ ਕ੍ਰਿਕਟ ਤੋਂ ਦੂਰ ਹੈ। ਇਸੇ ਵਜ੍ਹਾ ਨਾਲ ਉਹ ਪਿਛਲੇ ਸਾਲ ਅਤੇ ਫਿਰ ਇਸ ਸਾਲ ਆਈ. ਪੀ. ਐੱਲ. ਵਿਚ ਹਿੱਸਾ ਵੀ ਨਹੀਂ ਲੈ ਸਕਿਆ। ਉਸ ਦੇ ਪੈਰ ਅਤੇ ਕਮਰ 'ਤੇ ਸੱਟ ਹੈ ਅਤੇ ਉਸਦਾ ਇਲਾਜ ਵੀ ਹੋ ਚੁੱਕਾ ਹੈ। ਅਜੇ ਉਹ ਨੈਸ਼ਨਲ ਕ੍ਰਿਕਟ ਅਕੈਡਮੀ ਬੈਂਗਲੁਰੂ ਵਿਚ ਰਿਹੈਬਿਲਿਟੇਸ਼ਨ ਕਰਾ ਰਿਹਾ ਹੈ। ਹਾਲਾਂਕਿ ਉਹ ਕਦੋਂ ਤੱਕ ਪੂਰੀ ਤਰ੍ਹਾਂ ਫਿੱਟ ਹੋਵੇਗਾ ਇਹ ਦੱਸਣਾ ਮੁਸ਼ਕਲ ਹੈ।
ਦੁਖੀ ਹੋਏ ਨਾਗਰਕੋਟੀ
ਤੇਜ਼ ਗੇਂਦਬਾਜ਼ ਅਤੇ ਸ਼ਾਨਦਾਰ ਫੀਲਡਿੰਗ ਨਾਲ ਆਪਣੀ ਪਹਿਚਾਣ ਬਣਾਉਣ ਵਾਲੇ ਨਾਗਰਕੋਟੀ ਨੇ ਹਾਲ ਹੀ 'ਚ ਮੀਡੀਆ ਨਾਲ ਗੱਲ ਕੀਤੀ। ਇਸ ਦੌਰਾਨ ਉਹ ਆਪਣੀ ਸੱਟ ਨੂੰ ਲੈ ਕੇ ਕਾਫੀ ਭਾਵੁਕ ਅਤੇ ਦੁਖੀ ਦਿਸੇ। ਉਸ ਨੇ ਕਿਹਾ, ''19 ਸਾਲ ਦੀ ਉਮਰ ਵਿਚ ਮੈਨੂੰ ਤੇਜ਼ ਗੇਂਦਬਾਜ਼ੀ ਕਰਨੀ ਚਾਹੀਦੀ ਸੀ ਪਰ ਮੈਂ ਖੇਡ ਵੀ ਨਹੀਂ ਰਿਹਾ, ਪੜਾਈ ਵੀ ਨਹੀਂ ਕਰ ਰਿਹਾ, ਜ਼ਖਮੀ ਹਾਂ, ਘਰੋਂ ਦੂਰ ਹਾਂ ਅਤੇ ਫਿਟ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਵੀ ਤਦ ਜਦੋਂ ਮੇਰੇ ਦੋਸਤ ਆਈ. ਪੀ. ਐੱਲ. ਅਤੇ ਇੰਡੀਆ-ਏ ਲਈ ਖੇਡ ਰਹੇ ਹਨ।''
ਕੋਚ ਰਾਹੁਲ ਦ੍ਰਾਵਿੜ ਦਾ ਮਿਲਿਆ ਸਾਥ
ਨਾਗਰਕੋਟੀ ਨੇ ਦੇਸਿਆ ਕਿ ਰਾਹੁਲ ਦ੍ਰਾਵਿੜ ਨੇ ਇਸ ਦੌਰਾਨ ਉਸ ਨੂੰ ਕਾਫੀ ਸਮਝਾਇਆ ਹੈ। ਦ੍ਰਾਵਿੜ ਇੰਡੀਆ-ਏ ਦੀ ਸੀਰੀਜ਼ ਲਈ ਨੈਸ਼ਨਲ ਕ੍ਰਿਕਟ ਅਕੈਡਮੀ ਗਏ ਸੀ। ਉਸ ਦੇ ਬਾਰੇ ਕਮਲੇਸ਼ ਨੇ ਕਿਹਾ, ''ਸਰ (ਦ੍ਰਾਵਿੜ) ਨੇ ਮੈਨੂੰ ਕਿਹਾ ਕਿ ਤੁਸੀਂ 1 ਜਾਂ 2 ਆਈ. ਪੀ. ਐੱਲ. ਸੀਜ਼ਨ ਮਿਸ ਕਰਦੇ ਹਨ ਤਾਂ ਇਸ ਨਾਲ ਜੀਵਨ ਖਤਮ ਨਹੀਂ ਹੋ ਜਾਂਦਾ ਹੈ। ਤੁਹਾਨੂੰ ਭਾਰਤ ਲਈ ਖੇਡਣਾ ਹੈ। ਤੁਹਾਨੂੰ ਇਸ ਦੇ ਲਈ ਮਜ਼ਬੂਤ ਹੋਣਾ ਹੋਵੇਗਾ।''