ਬੁਮਰਾਹ ਵਲੋਂ IPL 2023 ਤੇ WTC ਫਾਈਨਲ ਖੇਡਣ 'ਤੇ ਅਨਿਸ਼ਚਿਤਤਾ ਬਰਕਰਾਰ
Monday, Feb 27, 2023 - 07:51 PM (IST)
ਸਪੋਰਟਸ ਡੈਸਕ : ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਅਪਡੇਟ ਸਾਹਮਣੇ ਆਈ। ਜ਼ਿਕਰਯੋਗ ਹੈ ਕਿ ਬੁਮਰਾਹ ਲੰਬੇ ਸਮੇਂ ਤੋਂ ਕ੍ਰਿਕਟ ਮੈਦਾਨ ਤੋਂ ਬਾਹਰ ਹਨ। ਉਹ ਪਿਛਲੇ ਕਈ ਮਹੀਨਿਆਂ ਤੋਂ ਮਹੱਤਵਪੂਰਨ ਸੀਰੀਜ਼ ਤੇ ਟੂਰਨਾਮੈਂਟਾਂ ਤੋਂ ਬਾਹਰ ਰਹੇ ਹਨ ਜਿਨ੍ਹਾਂ ’ਚੋਂ ਇਕ ਟੀ-20 ਵਿਸ਼ਵ ਕੱਪ 2022 ਵੀ ਸ਼ਾਮਿਲ ਹੈ ਪਰ ਉਸ ਦੀ ਪਿੱਠ ਦੀ ਸੱਟ ਪਹਿਲਾਂ ਵਾਂਗ ਹੀ ਗੰਭੀਰ ਦਿਖਾਈ ਦਿੰਦੀ ਹੈ, ਅਜਿਹੇ ’ਚ ਖ਼ਬਰਾਂ ਮੁਤਾਬਕ ਬੁਮਰਾਹ ਦੇ ਆਈਪੀਐੱਲ 2023 ਅਤੇ ਡਬਲਯੂ. ਟੀ. ਸੀ. ਫਾਈਨਲ 2023 ਖੇਡਣ ’ਤੇ ਸ਼ੰਕੇ ਬਣੇ ਹੋਏ ਹਨ।
ਦਰਅਸਲ ਖ਼ਬਰਾਂ ਮੁਤਾਬਕ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਬੁਮਰਾਹ ਨੂੰ 2023 ’ਚ ਮੁੰਬਈ ਇੰਡੀਅਨਜ਼ ਟੀਮ ਲਈ ਖੇਡਣ ਦਾ ਮੌਕਾ ਮਿਲਣ ਦੀ ਸੰਭਾਵਨਾ ਘੱਟ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਮੈਦਾਨ ’ਤੇ ਪਰਤਣ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਉਹ ਆਪਣੀ ਸੱਟ ਕਾਰਨ ਅਜੇ ਵੀ ਅਸਹਿਜ ਮਹਿਸੂਸ ਕਰ ਰਿਹਾ ਹੈ। ਅਜਿਹੇ ’ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਨੂੰ ਬੁਮਰਾਹ ਤੋਂ ਬਿਨਾਂ ਆਈਪੀਐੱਲ 2023 ’ਚ ਮੈਦਾਨ ਵਿਚ ਉਤਾਰਨਾ ਪੈ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਟੀਮ ਪ੍ਰਬੰਧਨ ਇਸ ਸਾਲ ਅਕਤੂਬਰ-ਨਵੰਬਰ ’ਚ ਭਾਰਤ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਬੁਮਰਾਹ ਨੂੰ ਪੂਰੀ ਤਰ੍ਹਾਂ ਫਿੱਟ ਦੇਖਣਾ ਚਾਹੁੰਦਾ ਹੈ। ਅਜਿਹੇ ’ਚ ਬੁਮਰਾਹ ਨੂੰ ਏਸ਼ੀਆ ਕੱਪ 'ਚ ਭਾਵੇਂ ਸ਼ਿਰਕਤ ਹੀ ਨਾ ਲੈਣ ਦਿੱਤੀ ਜਾਵੇ। ਕਿਉਂਕਿ ਭਾਰਤੀ ਟੀਮ ਪ੍ਰਬੰਧਨ ਉਸ ਨੂੰ ਵਨਡੇ ਵਿਸ਼ਵ ਕੱਪ ਲਈ ਉਪਲੱਬਧ ਕਰਵਾਉਣਾ ਚਾਹੁੰਦਾ ਹੈ।