UAE ਵਿਚ ਹੋਵੇਗਾ ਆਈ. ਪੀ. ਐੱਲ. ਦਾ 13ਵਾਂ ਸੈਸ਼ਨ!

Sunday, Jul 19, 2020 - 12:52 AM (IST)

ਨਵੀਂ ਦਿੱਲੀ– ਬੇਸ਼ੁਮਾਰ ਦੌਲਤ ਨਾਲ ਭਰਪੂਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਪੂਰਾ 13ਵਾਂ ਸੈਸ਼ਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋ ਸਕਦਾ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸਦੇ ਲਈ 26 ਸਤੰਬਰ ਤੋਂ 7 ਨਵੰਬਰ ਤਕ ਦੀ ਗੈਰ ਅਧਿਕਾਰਤ ਵਿੰਡੋ ਤੈਅ ਕੀਤੀ ਹੈ। ਬੀ. ਸੀ. ਸੀ. ਆਈ. ਇਸ ਬਾਰੇ ਵਿਚ ਆਖਰੀ ਫੈਸਲੇ ਦਾ ਤਦ ਐਲਾਨ ਕਰੇਗਾ ਜਦੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) 18 ਅਕਤੂਬਰ ਤੋਂ 15 ਅਕਤੂਬਰ ਤਕ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਐਲਾਨ ਕਰੇ, ਜਿਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕ੍ਰਿਕਇੰਫੋ ਅਨੁਸਾਰ ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ. ਆਈ. ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਟੂਰਨਾਮੈਂਟ ਨੂੰ ਯੂ. ਏ. ਈ. ਵਿਚ ਕਰਵਾਉਣ ਦੀ ਮਨਜ਼ੂਰੀ ਮੰਗੀ ਹੈ। ਬੋਰਡ ਦੇ ਨਾਲ ਹੀ ਟੀਮਾਂ ਦੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਯਾਤਰਾ ਲਈ ਜ਼ਰੂਰੀ ਮਨਜ਼ੂਰੀ ਵੀ ਮੰਗੀ ਹੈ।
ਆਈ. ਪੀ. ਐੱਲ. ਨੂੰ ਇਸ ਸਾਲ 29 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਸੀ। ਸਤੰਬਰ ਵਿਚ ਯੂ. ਏ. ਈ. ਵਿਚ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਆਸਟਰੇਲੀਆ ਨੇ ਜਿਹੜਾ ਆਪਣਾ ਘਰੇਲੂ ਸੈਸ਼ਨ ਦਾ ਪ੍ਰੋਗਰਾਮ ਐਲਾਨ ਕੀਤਾ ਹੈ, ਉਸਦੇ ਅਨੁਸਾਰ ਭਾਰਤ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ।
ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ. ਦੀ ਸਰਵਉੱਚ ਪ੍ਰੀਸ਼ਦ ਦੀ ਮੀਟਿੰਗ ਵਿਚ ਆਈ. ਪੀ. ਐੱਲ. ਦੇ ਯੂ. ਏ. ਈ. ਵਿਚ ਖੇਡੇ ਜਾਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਗਿਆ। ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ. ਆਈ. ਹੁਣ ਵੀ ਆਈ. ਪੀ. ਐੱਲ. ਨੂੰ ਭਾਰਤ ਵਿਚ ਕਰਵਾਉਣਾ ਚਾਹੁੰਦਾ ਹੈ ਪਰ ਦੇਸ਼ ਵਿਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਉਹ ਯੂ. ਏ. ਈ. ਨੂੰ ਬਦਲ ਦੇ ਤੌਰ 'ਤੇ ਤਿਆਰ ਕਰ ਰਹੀ ਹੈ।


Gurdeep Singh

Content Editor

Related News