Tokyo Olympics 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਦੀਪਿਕਾ ਕੁਮਾਰੀ ਨੇ ਹਾਸਲ ਕੀਤਾ 9ਵਾਂ ਰੈਂਕ
Friday, Jul 23, 2021 - 11:01 AM (IST)
ਟੋਕਿਓ (ਭਾਸ਼ਾ) - ਭਾਰਤ ਨੇ ਸ਼ੁੱਕਰਵਾਰ ਨੂੰ ਟੋਕਿਓ ਓਲੰਪਿਕ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ, ਜਦੋਂ ਤਗਮੇ ਦੀ ਉਮੀਦ ਵਾਲੀ ਤਜ਼ਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਰੈਂਕਿੰਗ ਰਾਉਂਡ ਵਿਚ ਨੌਵੇਂ ਸਥਾਨ ’ਤੇ ਰਹੀ ਅਤੇ ਹੁਣ ਮੁੱਖ ਮੁਕਾਬਲੇ ਦੇ ਪਹਿਲੇ ਗੇੜ ਵਿਚ ਇਕ ਆਸਾਨ ਵਿਰੋਧੀ ਮਿਲਿਆ ਹੈ। ਯੁਮੇਨੋਸ਼ੀਮਾ ਪਾਰਕ ਵਿਖੇ ਹੋਏ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਨੇ 663 ਸਕੋਰ ਬਣਾਏ, ਜਿਸ ਵਿਚ ਪਹਿਲੇ ਹਾਫ ਵਿਚ 334 ਅਤੇ ਦੂਜੇ ਹਾਫ ਵਿਚ 329 ਸਕੋਰ ਰਿਹਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਦਾ ਹੋਇਆ ਸ਼ਾਨਦਾਰ ਆਗਾਜ਼ ਪਰ ਕੋਰੋਨਾ ਦਾ ਸਾਇਆ ਬਰਕਰਾਰ, 100 ਤੋਂ ਟੱਪੇ ਕੁੱਲ ਮਾਮਲੇ
ਉਨ੍ਹਾਂ ਨੇ 72 ਨਿਸ਼ਾਨਿਆਂ ਵਿਚੋਂ 30 ਵਾਰ ਪਰਫੈਕਟ 10 ਸਕੋਰ ਕੀਤਾ। ਦੀਪਿਕਾ ਦਾ ਸਾਹਮਣਾ ਹੁਣ ਵਿਸ਼ਵ ਦੇ 193ਵੇਂ ਨੰਬਰ ਦੀ ਤੀਰਅੰਦਾਜ਼ ਭੂਟਾਨ ਦੀ ਕਰਮਾ ਨਾਲ ਹੋਵੇਗਾ, ਜੋ ਰੈਂਕਿੰਗ ਰਾਉਂਡ ਵਿਚ 56ਵੇਂ ਸਥਾਨ 'ਤੇ ਰਹੀ। ਪਹਿਲੇ ਤਿੰਨ ਸਥਾਨਾਂ 'ਤੇ ਕੋਰੀਆਈ ਤੀਰਅੰਦਾਜ਼ਾਂ ਦਾ ਦਬਦਬਾ ਰਿਹਾ। ਕੋਰੀਆ ਦੀ 20 ਸਾਲਾ ਅਨ ਸਾਨ 680 ਦੇ ਸਕੋਰ ਨਾਲ ਸਿਖ਼ਰ ਸਥਾਨ 'ਤੇ ਰਹੀ, ਜੋ ਇਕ ਓਲੰਪਿਕ ਰਿਕਾਰਡ ਵੀ ਹੈ। ਪਹਿਲਾਂ ਓਲੰਪਿਕ ਰਿਕਾਰਡ 673 ਸੀ, ਜਦੋਂ ਕਿ ਵਿਸ਼ਵ ਰਿਕਾਰਡ 692 ਦਾ ਹੈ, ਜੋ ਕਾਂਗ ਚੇਈ ਵੋਂਗ ਦੇ ਨਾਮ ਹੈ।
ਕੁਆਰਟਰ ਫਾਈਨਲ ਵਿਚ ਦੀਪਿਕਾ ਦਾ ਮੁਕਾਬਲਾ ਅਨ ਸਾਨ ਨਾਲ ਹੋਣ ਦੀ ਸੰਭਾਵਨਾ ਹੈ। ਟੋਕਿਓ ਟੈਸਟ ਟੂਰਨਾਮੈਂਟ 2019 ਵਿਚ ਦੀਪਿਕਾ ਨੂੰ ਹਰਾਉਣ ਵਾਲੀ ਅਨ ਸਾਨ ਨੇ 36 ਵਾਰ 10 ਸਕੋਰ ਕੀਤਾ। ਜਾਂਗ ਮਿਨਹੀ 677 ਅੰਕਾਂ ਨਾਲ ਦੂਜੇ ਅਤੇ ਕਾਂਗ ਚੇਈ ਵੋਂਗ 675 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਦੀਪਿਕਾ 36 ਨਿਸ਼ਾਨਿਆਂ ਦੇ ਬਾਅਦ 334 ਅੰਕਾਂ ਨਾਲ ਚੌਥੇ ਸਥਾਨ 'ਤੇ ਸੀ ਅਤੇ ਕੋਰੀਆ ਦੀ ਦਿੱਗਜ ਕਾਂਗ ਤੋਂ ਅੱਗੇ ਸੀ। ਇਸ ਤੋਂ ਬਾਅਦ ਦੂਜੇ ਹਾਫ ਵਿਚ ਦੀਪਿਕਾ ਦਾ ਪ੍ਰਦਰਸ਼ਨ ਖ਼ਰਾਬ ਹੋਇਆ। ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਮੇਰਾ ਪ੍ਰਦਰਸ਼ਨ ਚੰਗਾ ਅਤੇ ਮਾੜਾ ਦੋਵੇਂ ਸੀ। ਇਹ ਵਿਚਕਾਰ ਦਾ ਰਿਹਾ।' ਆਖਰੀ 6 ਸੈੱਟਾਂ ਵਿਚ ਮਾੜੇ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ,“ ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ। ਮੈਂ ਆਪਣੇ ਸ਼ਾਟ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂਕਿ ਮੈਂ ਬਿਹਤਰ ਖੇਡ ਸਕਾਂ।'
ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
ਦੀਪਿਕਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਖਰੀ ਅੱਠ ਵਿਚ ਆ ਸਕਦੀ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਓਲੰਪਿਕ ਵਿਚ ਡੈਬਿਊ ਕਰ ਰਹੀ ਸਾਨ ਨਾਲ ਹੋਣ ਦੀ ਸੰਭਾਵਨਾ ਹੈ। ਦੋ ਸਾਲ ਪਹਿਲਾਂ ਇਸੇ ਸਥਾਨ 'ਤੇ ਸਾਨ ਤੋਂ ਹਾਰੀ ਦੀਪਿਕਾ ਦਾ ਇਰਾਦਾ ਬਦਲਾ ਲੈਣ ਦਾ ਹੋਵੇਗਾ। ਉਨ੍ਹਾਂ ਕਿਹਾ, 'ਮੈਂ ਖ਼ੁਦ ਨਾਲ ਗੱਲ ਕਰਦੀ ਹਾਂ ਅਤੇ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਖ਼ੁਦ ਨੂੰ ਲਗਾਤਾਰ ਬਿਹਤਰ ਕਰਨਾ ਚਾਹੁੰਦੀ ਹਾਂ। ਮੈਂ ਇੱਥੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ ਅਤੇ ਅਗਲੇ ਗੇੜ ਵਿਚ ਇਹ ਦਿਖਾਵਾਂਗੀ।'
ਐਲੀਮੀਨੇਸ਼ਨ ਰਾਉਂਡ ਦੇ ਮੁਕਾਬਲੇ 27 ਜੁਲਾਈ ਨੂੰ ਖੇਡੇ ਜਾਣਗੇ। ਤੀਰਅੰਦਾਜ਼ਾਂ ਨੂੰ 70 ਮੀਟਰ ਦੀ ਦੂਰੀ ਤੋਂ ਨਿਸ਼ਾਨਾ ਲਗਾਉਣ ਲਈ 72 ਤੀਰ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ 6-6 ਤੀਰਾਂ ਦੀ 12 ਸੀਰੀਜ਼ ਵਿਚ ਨਿਸ਼ਾਨਾ ਲਗਾਉਣਾ ਹੁੰਦਾ ਹੈ।
ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।