ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ 2 ਰੂਸੀ ਤੈਰਾਕ ਮੁਅੱਤਲ
Thursday, Jul 15, 2021 - 02:07 PM (IST)
ਲੁਸਾਨੇ— ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਰੂਸ ਦੇ ਦੋ ਤੈਰਾਕਾਂ ਨੂੰ ਖੇਡ ਦੇ ਆਲਮੀ ਸੰਚਾਲਨ ਅਦਾਰੇ ਫ਼ਿਨਾ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਲਈ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਫ਼ਿਨਾ ਮੁਤਾਬਕ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਦਿੱਤੇ ਗਏ ਸਬੂਤਾਂ ਦੇ ਆਧਾਰ ’ਤੇ ਅਲੈਕਸਾਂਦਰ ਕੁਦਾਸ਼ੇਵ ਤੇ ਵੇਰੋਨਿਕਾ ਪੋਪੋਵਾ ਆਂਦਰੁਸੇਂਕੋ ਨੂੰ ਬੁੱਧਵਾਰ ਨੂੰ ਮੁਅੱਤਲ ਕੀਤਾ ਗਿਆ। ਫ਼ਿਨਾ ਨੇ ਦੱਸਿਆ ਕਿ ਸਬੂਤ ਮਾਸਕੋ ਦੀਡੋਪਿੰਗ ਰੋਕੂ ਲੈਬੋਰਟਰੀ ਤੋਂ ਇਕੱਠੇ ਕੀਤੇ ਗਏ ਪਦਾਰਥਾਂ ਦੀ ਜਾਂਚ ’ਚ ਮਿਲੇ ਹਨ।
ਕੁਦਾਸ਼ੇਵ ਤੇ ਵੇਰੋਨਿਕਾ ਨੂੰ ਟੋਕੀਓ ਖੇਡਾਂ ’ਚ ਆਜ਼ਾਦ ਖਿਡਾਰੀ ਦੇ ਤੌਰ ’ਤੇ ਹਿੱਸਾ ਲੈਣਾ ਸੀ ਕਿਉਂਕਿ ਮੌਜੂਦਾ ਮਸਲਿਆਂ ਕਾਰਨ ਰੂਸ ਦੇ ਮਹਾਸੰਘ ’ਤੇ ਟੋਕੀਓ ਖੇਡਾਂ ’ਚ ਦੇਸ਼ ਦੇ ਰੂਪ ’ਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਵੇਰੋਨਿਕਾ ਨੇ 2012 ਤੇ 2016 ਓਲੰਪਕ ’ਚ ਰੂਸ ਲਈ ਕਈ ਮੁਕਾਬਲਿਆਂ ’ਚ ਹਿੱਸਾ ਲਿਆ ਸੀ। 30 ਸਾਲਾ ਇਸ ਤੈਰਾਕ ਨੇ 2019 ’ਚ ਕੌਮਾਂਤਰੀ ਤੈਰਾਕੀ ਲੀਗ ’ਚ ਵੀ ਮੁਕਾਬਲੇਬਾਜ਼ੀ ਪੇਸ਼ ਕੀਤੀ। ਕੁਦਾਸ਼ੇਵ ਨੂੰ ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈਣਾ ਸੀ। ਇਹ 25 ਸਾਲਾ ਤੈਰਾਕ 2019 ਵਰਲਡ ਯੂਨੀਵਰਸਿਟੀ ਖੇਡਾਂ ਦਾ ਸੋਨ ਤਮਗ਼ਾ ਜੇਤੂ ਹੈ।