IPL 2026: ਯਸ਼ਸਵੀ-ਵੈਭਵ ਦੇ ਤੂਫ਼ਾਨ ''ਚ ਉੱਡੀ ਮੁੰਬਈ, ਰਾਜਸਥਾਨ ਨੇ ਲਗਾਈ ਜਿੱਤ ਦੀ ''ਹੈਟ੍ਰਿਕ''

Wednesday, Apr 08, 2026 - 12:47 AM (IST)

IPL 2026: ਯਸ਼ਸਵੀ-ਵੈਭਵ ਦੇ ਤੂਫ਼ਾਨ ''ਚ ਉੱਡੀ ਮੁੰਬਈ, ਰਾਜਸਥਾਨ ਨੇ ਲਗਾਈ ਜਿੱਤ ਦੀ ''ਹੈਟ੍ਰਿਕ''

ਸਪੋਰਟਸ ਡੈਸਕ - ਆਈ. ਪੀ. ਐੱਲ. 2026 ਵਿੱਚ ਰਾਜਸਥਾਨ ਰਾਇਲਜ਼ (RR) ਦਾ ਦਬਦਬਾ ਲਗਾਤਾਰ ਜਾਰੀ ਹੈ। ਮੰਗਲਵਾਰ ਰਾਤ ਨੂੰ ਖੇਡੇ ਗਏ ਇੱਕ ਰੋਮਾਂਚਕ ਮੁਕਾਬਲੇ ਵਿੱਚ ਰਾਜਸਥਾਨ ਨੇ ਮੁੰਬਈ ਇੰਡੀਅਨਜ਼ (MI) ਨੂੰ 27 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਮੀਂਹ ਕਾਰਨ ਇਹ ਮੈਚ 11-11 ਓਵਰਾਂ ਦਾ ਕਰ ਦਿੱਤਾ ਗਿਆ ਸੀ, ਜਿੱਥੇ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਮੁੰਬਈ ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਨੇ 11 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਮਹਿਜ਼ 32 ਗੇਂਦਾਂ ਵਿੱਚ 10 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੂਜੇ ਪਾਸੇ 15 ਸਾਲਾ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵੈਭਵ ਨੇ ਜਸਪ੍ਰੀਤ ਬੁਮਰਾਹ ਵਰਗੇ ਦਿੱਗਜ ਗੇਂਦਬਾਜ਼ ਦੀਆਂ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਜੜ ਕੇ ਸਟੇਡੀਅਮ ਵਿੱਚ ਸੰਸਨੀ ਫੈਲਾ ਦਿੱਤੀ। ਵੈਭਵ ਨੇ 14 ਗੇਂਦਾਂ ਵਿੱਚ 5 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੇ 5 ਓਵਰਾਂ ਵਿੱਚ ਹੀ 80 ਦੌੜਾਂ ਕੁੱਟ ਦਿੱਤੀਆਂ ਸਨ।

151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਆਪਣੇ ਪਹਿਲੇ 5 ਵਿਕਟਾਂ ਸਿਰਫ਼ 46 ਦੌੜਾਂ 'ਤੇ ਹੀ ਗੁਆ ਦਿੱਤੀਆਂ ਸਨ। ਸੂਰਿਆਕੁਮਾਰ ਯਾਦਵ, ਰੋਹਿਤ ਸ਼ਰਮਾ ਅਤੇ ਕਪਤਾਨ ਹਾਰਦਿਕ ਪੰਡਯਾ ਵਰਗੇ ਸਿਤਾਰੇ ਫਲਾਪ ਸਾਬਿਤ ਹੋਏ। ਹਾਲਾਂਕਿ, ਨਮਨ ਧੀਰ (25) ਅਤੇ ਸ਼ੇਰਫੇਨ ਰਦਰਫੋਰਡ (25) ਨੇ 47 ਦੌੜਾਂ ਦੀ ਸਾਂਝੇਦਾਰੀ ਕਰਕੇ ਉਮੀਦ ਜਗਾਈ ਸੀ, ਪਰ ਉਹ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਮੁੰਬਈ ਦੀ ਪੂਰੀ ਟੀਮ 123 ਦੌੜਾਂ ਹੀ ਬਣਾ ਸਕੀ।

ਜਿੱਥੇ ਰਾਜਸਥਾਨ ਰਾਇਲਜ਼ ਨੇ ਆਪਣੇ ਤਿੰਨੋਂ ਸ਼ੁਰੂਆਤੀ ਮੈਚ ਜਿੱਤ ਕੇ ਟੇਬਲ 'ਚ ਮਜ਼ਬੂਤ ਸਥਾਨ ਬਣਾ ਲਿਆ ਹੈ, ਉੱਥੇ ਹੀ ਮੁੰਬਈ ਇੰਡੀਅਨਜ਼ ਦੀ ਇਹ ਤਿੰਨ ਮੈਚਾਂ ਵਿੱਚ ਲਗਾਤਾਰ ਦੂਜੀ ਹਾਰ ਹੈ। ਮੀਂਹ ਕਾਰਨ ਮੈਚ ਸ਼ੁਰੂ ਹੋਣ ਲਈ ਦਰਸ਼ਕਾਂ ਨੂੰ ਲਗਭਗ 2 ਘੰਟੇ 40 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ ਸੀ, ਪਰ ਰਾਜਸਥਾਨ ਦੀ ਵਿਸਫੋਟਕ ਬੱਲੇਬਾਜ਼ੀ ਨੇ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕਾਂ ਦਾ ਪੂਰਾ ਮਨੋਰੰਜਨ ਕੀਤਾ।


author

Inder Prajapati

Content Editor

Related News