ਇਹ ਖਿਡਾਰੀ ਤੋੜ ਸਕਦੈ ਸਚਿਨ ਦੇ ਸਭ ਤੋਂ ਵੱਧ ਟੈਸਟ ਦੌੜਾਂ ਦਾ ਰਿਕਾਰਡ : ਪੋਂਟਿੰਗ

Friday, Aug 16, 2024 - 03:46 PM (IST)

ਸਿਡਨੀ—ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਅਜੇ ਵੀ ਦੌੜਾਂ ਦੇ ਭੁੱਖੇ ਹਨ ਅਤੇ ਉਹ ਸਚਿਨ ਤੇਂਦੁਲਕਰ ਦੇ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਪੋਂਟਿੰਗ ਨੇ ਆਈਸੀਸੀ ਰਿਵਿਊ ਪ੍ਰੋਗਰਾਮ 'ਚ ਕਿਹਾ, 'ਰੂਟ ਅਜੇ 33 ਸਾਲ ਦੇ ਹਨ ਅਤੇ ਸਚਿਨ ਤੋਂ ਸਿਰਫ 3000 ਦੌੜਾਂ ਪਿੱਛੇ ਹੈ। ਜੇਕਰ ਇੰਗਲੈਂਡ ਹਰ ਸਾਲ 10 ਤੋਂ 14 ਟੈਸਟ ਮੈਚ ਖੇਡਦੇ ਹਨ ਅਤੇ ਰੂਟ ਹਰ ਸਾਲ 800 ਤੋਂ 1000 ਦੌੜਾਂ ਬਣਾ ਲੈਂਦੇ ਹਨ ਤਾਂ ਤਿੰਨ ਤੋਂ ਚਾਰ ਸਾਲਾਂ ਵਿੱਚ ਉਹ ਸਚਿਨ ਦਾ ਰਿਕਾਰਡ ਤੋੜ ਸਕਦੇ ਹਨ। 37 ਸਾਲ ਦੀ ਉਮਰ ਤੱਕ ਅਜਿਹਾ ਕਰਨਾ ਬਿਲਕੁਲ ਸੰਭਵ ਹੈ।
ਉਨ੍ਹਾਂ ਨੇ ਕਿਹਾ, 'ਜੇਕਰ ਉਨ੍ਹਾਂ ਨੂੰ ਦੌੜਾਂ ਦੀ ਭੁੱਖ ਹੈ ਤਾਂ ਇਸ ਰਿਕਾਰਡ ਨੂੰ ਤੋੜਨ ਦੀ ਪੂਰੀ ਸੰਭਾਵਨਾ ਹੈ। ਉਹ ਪਿਛਲੇ ਇੱਕ-ਦੋ ਸਾਲਾਂ ਵਿੱਚ ਇੱਕ ਬਿਹਤਰ ਬੱਲੇਬਾਜ਼ ਬਣ ਗਏ ਹਨ। ਲੋਕ ਕਹਿੰਦੇ ਹਨ ਕਿ ਕੋਈ ਵੀ ਬੱਲੇਬਾਜ਼ ਜਦੋਂ ਆਪਣੇ 30 ਦੇ ਦਹਾਕੇ 'ਚ ਦਾਖਲ ਹੁੰਦਾ ਹੈ ਤਾਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਹੁੰਦਾ ਹੈ, ਰੂਟ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਦੀ ਪਰਿਵਰਤਨ ਦਰ ਸ਼ਾਨਦਾਰ ਹੈ। ਉਨ੍ਹਾਂ ਨੇ ਕਿਹਾ, 'ਚਾਰ-ਪੰਜ ਸਾਲ ਪਹਿਲਾਂ, ਰੂਟ ਬਹੁਤ ਸਾਰੇ ਅਰਧ-ਸੈਂਕੜੇ ਬਣਾ ਰਹੇ ਸਨ, ਪਰ ਉਹ ਉਨ੍ਹਾਂ ਨੂੰ ਸੈਂਕੜਿਆਂ 'ਚ ਬਦਲ ਨਹੀਂ ਸਕੇ। ਪਰ ਅਜੋਕੇ ਸਮੇਂ ਵਿੱਚ ਇਹ ਰੁਝਾਨ ਬਦਲ ਗਿਆ ਹੈ। ਹੁਣ ਉਹ ਲਗਭਗ ਹਰ ਅਰਧ ਸੈਂਕੜੇ ਨੂੰ ਵੱਡੇ ਸੈਂਕੜੇ ਵਿੱਚ ਤਬਦੀਲ ਕਰ ਰਹੇ ਹਨ, ਜੋ ਉਨ੍ਹਾਂ ਲਈ ਬਿਹਤਰ ਸੰਕੇਤ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ ਦੌਰਾਨ ਰੂਟ ਨੇ 12 ਹਜ਼ਾਰ ਟੈਸਟ ਦੌੜਾਂ ਦੇ ਰਿਕਾਰਡ ਨੂੰ ਛੂਹਿਆ ਸੀ। ਉਨ੍ਹਾਂ ਨੇ ਇਸ ਸਮੇਂ 143 ਟੈਸਟ ਮੈਚਾਂ ਵਿੱਚ 50 ਦੀ ਔਸਤ ਅਤੇ 32 ਸੈਂਕੜਿਆਂ ਦੀ ਮਦਦ ਨਾਲ 12,027 ਦੌੜਾਂ ਬਣਾਈਆਂ ਹਨ। ਰੂਟ ਟੈਸਟ ਦੌੜਾਂ ਦੇ ਮਾਮਲੇ 'ਚ ਸੱਤਵੇਂ ਸਥਾਨ 'ਤੇ ਹਨ ਅਤੇ ਉਹ ਜਲਦੀ ਹੀ ਕੁਮਾਰ ਸੰਗਾਕਾਰਾ (12,400) ਅਤੇ ਐਲਿਸਟੇਅਰ ਕੁੱਕ (12,472) ਦੇ ਰਿਕਾਰਡ ਤੋੜ ਸਕਦੇ ਹਨ। ਤੇਂਦੁਲਕਰ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ 15921 ਦੌੜਾਂ ਬਣਾਈਆਂ ਹਨ। ਪੋਂਟਿੰਗ ਨੇ ਖੁਦ 13,378 ਟੈਸਟ ਦੌੜਾਂ ਬਣਾਈਆਂ ਹਨ ਅਤੇ ਉਹ ਤੇਂਦੁਲਕਰ ਤੋਂ ਬਾਅਦ ਦੂਜੇ ਨੰਬਰ 'ਤੇ ਹੈ।


Aarti dhillon

Content Editor

Related News