ਟੈਸਟ 'ਚ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਇਸ ਭਾਰਤੀ ਬੱਲੇਬਾਜ਼ ਦੀ ਹੋ ਸਕਦੀ ਹੈ ਟੀਮ 'ਚੋਂ ਛੁੱਟੀ
Thursday, Sep 05, 2019 - 02:27 PM (IST)

ਸਪੋਰਸਟ ਡੈਸਕ— ਵੈਸਟਇੰਡੀਜ਼ ਟੈਸਟ ਸੀਰੀਜ਼ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ। ਰਾਹੁਲ ਲਗਾਤਾਰ ਟੈਸਟ ਮੈਚਾਂ 'ਚ ਬਤੌਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਫਲਾਪ ਸਾਬਤ ਰਹੇ ਹਨ ਅਤੇ ਹੁਣ ਚੋਣਕਰਤਾਵਾਂ ਨੇ ਵੀ ਉਨ੍ਹਾਂ ਦੇ ਆਪਸ਼ਨ ਲੱਭਣੇ ਸ਼ੁਰੂ ਕਰ ਦਿੱਤੇ ਹਨ। ਵੈਸਟਇੰਡੀਜ਼ ਨਾਲ ਖੇਡੀ ਗਈ ਟੈਸਟ ਸੀਰੀਜ਼ 'ਚ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ 'ਚ ਨਾਕਾਮ ਰਹੇ ਰਾਹੁਲ ਨੇ ਦੋ ਟੈਸਟ ਮੈਚਾਂ ਦੀ 4 ਪਾਰੀਆਂ 'ਚ ਸਿਰਫ਼ 101 ਦੌੜਾਂ ਬਣਾਈਆਂ। ਆਖਰੀ ਵਾਰ ਰਾਹੁਲ ਦੇ ਬੱਲੇ 'ਚੋਂ ਸੈਂਕੜਾ ਇੰਗਲੈਂਡ ਖਿਲਾਫ ਦੇਖਣ ਨੂੰ ਮਿਲਿਆ ਸੀ। ਰਾਹੁਲ ਦੇ ਖਰਾਬ ਹਾਲ ਪ੍ਰਦਰਸ਼ਨ ਨੂੰ ਵੇਖਦੇ ਹੋਏ ਤੈਅ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜਗ੍ਹਾ ਦੱਖਣੀ ਅਫਰੀਕਾ ਟੈਸਟ ਲਈ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ।
ਰਾਹੁਲ ਦਾ ਖਰਾਬ ਪ੍ਰਦਰਸ਼ਨ ਜਾਰੀ
36 ਟੈਸਟ ਮੈਚ ਖੇਡ ਚੁੱਕੇ ਰਾਹੁਲ ਦੀ ਔਸਤ ਸਿਰਫ਼ 34.58 ਦੀ ਹੈ ਅਤੇ ਉਨ੍ਹਾਂ ਨੇ 2006 ਦੌੜਾਂ ਬਣਾਈਆਂ ਹਨ। ਇੰਗਲੈਂਡ ਖਿਲਾਫ ਖੇਡੀ ਗਈ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਰਾਹੁਲ ਨੇ ਇਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਹੈ। ਪਿਛਲੀਆਂ 26 ਪਾਰੀਆਂ 'ਚ ਉਨ੍ਹਾਂ ਦੀ ਔਸਤ 22.88 ਦੀ ਰਹੀ ਹੈ, ਜਿਸ 'ਚ 572 ਦੌੜਾਂ ਬਣਾਈਆਂ ਹਨ।
ਰੋਹਿਤ ਦੀ ਦਾਅਵੇਦਾਰੀ ਹੋਈ ਮਜਬੂਤ
ਇਸ ਲਿਸਟ 'ਚ ਬਿਹਤਰੀਨ ਬੱਲੇਬਾਜ਼ ਰੋਹਿਤ ਸ਼ਰਮਾ ਦਾ ਨਾਂ ਸਭ ਤੋਂ ਉਪਰ ਹੈ। ਰੋਹਿਤ ਨੂੰ ਵੈਸਟਇੰਡੀਜ਼ ਖਿਲਾਫ ਟੀਮ 'ਚ ਰੱਖਿਆ ਗਿਆ ਸੀ ਪਰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ। ਹਾਲਾਂਕਿ ਉਨ੍ਹਾਂ ਨੇ ਹੁਣ ਤਕ ਟੈਸਟ 'ਚ ਓਪਨਿੰਗ ਨਹੀਂ ਕੀਤੀ ਹੈ ਪਰ ਉਹ ਵਨ-ਡੇ ਅਤੇ ਟੀ20 'ਚ ਪਾਰੀ ਦੀ ਸ਼ੁਰੂਆਤ ਕਰਦੇ ਹਨ। ਰੋਹਿਤ ਸ਼ਰਮਾ ਨੇ ਬਤੌਰ ਮਿਡਲ ਆਰਡਰ 27 ਟੈਸਟ ਮੈਚਾਂ ਦੀਆਂ 47 ਪਾਰੀਆਂ 'ਚ 1585 ਦੌੜਾਂ ਬਣਾਈਆਂ ਹਨ। ਇਸ ਦੌਰਾਨ 10 ਅਰਧ ਸੈਂਕੜੇ ਅਤੇ 3 ਸੈਂਕੜੇ ਬਣਾਏ ਹਨ। ਰੋਹਿਤ ਦਾ ਬੈਸਟ ਸਕੋਰ 177 ਦੌੜਾਂ ਹਨ ਜੋ ਉਨ੍ਹਾਂ ਨੇ ਆਪਣੇ ਟੈਸਟ ਡੈਬਿਊ ਮੈਚ 'ਚ ਬਣਾਇਆ ਸੀ।
ਸ਼ਾਨਦਾਰ ਫ਼ਾਰਮ 'ਚ ਸ਼ੁਭਮਨ ਗਿਲ
ਟੀਮ ਇੰਡੀਆ 'ਚ ਬਤੌਰ ਸਲਾਮੀ ਧਮਾਕੇਦਾਰ ਆਗਾਜ਼ ਕਰਨ ਵਾਲੇ ਪ੍ਰਿਥਵੀ ਸ਼ਾਹ ਦੇ ਬੈਨ ਦੀ ਵਜ੍ਹਾ ਨਾਲ ਨਵੰਬਰ ਤਕ ਚੋਣ ਲਈ ਉਪਲੱਬਧ ਨਹੀਂ ਹਨ। ਅੰਡਰ 19 ਟੀਮ 'ਚ ਪ੍ਰਿਥਵੀ ਦੇ ਸਾਥੀ ਰਹੇ ਸ਼ੁਭਮਨ ਗਿੱਲ ਘਰੇਲੂ ਕ੍ਰਿਕਟ 'ਚ ਲਗਾਤਾਰ ਦੌੜਾਂ ਬਣਾ ਰਹੇ ਹਨ। 13 ਫਸਟ ਕਲਾਸ ਮੈਚ ਖੇਡਣ ਵਾਲੇ ਗਿਲ ਨੇ 74.88 ਦੀ ਸ਼ਾਨਦਾਰ ਔਸਤ ਨਾਲ 1348 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਕੁੱਲ 4 ਸੈਂਕੜਿਆਂ ਵਾਲੀ ਪਾਰੀ ਨਿਕਲੀਆਂ ਹਨ। ਵੈਸਟਇੰਡੀਜ਼ ਏ ਖਿਲਾਫ ਖੇਡਦੇ ਹੋਏ ਗਿਲ ਨੇ ਹਾਲ ਹੀ 'ਚ 204 ਦੌੜਾਂ ਦੀ ਪਾਰੀ ਖੇਡੀ ਸੀ ਉਨ੍ਹਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।