ਹੁਣ ਕੋਈ ਦਰਦ ਨਹੀਂ ਹੈ, ਆਸਟ੍ਰੇਲੀਆ ਲੜੀ ’ਚ ਅਜੇ ਸਮਾਂ ਹੈ : ਮੁਹੰਮਦ ਸ਼ੰਮੀ

Tuesday, Oct 22, 2024 - 12:37 PM (IST)

ਗੁਰੂਗ੍ਰਾਮ, (ਭਾਸ਼ਾ)– ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਫਿਟਨੈੱਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਉਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਹੁਣ ਬਿਲਕੁਲ ਵੀ ਦਰਦ ਮਹਿਸੂਸ ਨਹੀਂ ਹੋ ਰਿਹਾ ਹੈ ਤੇ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਦੌਰੇ ਲਈ ਅਜੇ ਵੀ ਦੌੜ ਵਿਚੋਂ ਬਾਹਰ ਨਹੀਂ ਹੋਇਆ ਹੈ।

ਨਿਊਜ਼ੀਲੈਂਡ ਵਿਰੁੱਧ ਬੈਂਗਲੁਰੂ ਵਿਚ ਖਤਮ ਹੋਏ ਭਾਰਤ ਦੇ ਸ਼ੁਰੂਆਤੀ ਟੈਸਟ ਤੋਂ ਬਾਅਦ ਉਸ ਨੇ ਨੈੱਟ ’ਤੇ ਗੇਂਦਬਾਜ਼ੀ ਕੀਤੀ। ਹਾਲਾਂਕਿ ਕੁਝ ਦਿਨ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਸੀ ਕਿ ਉਸਦੇ ਗੋਡੇ ਵਿਚ ਸੋਜ਼ਿਸ਼ ਹੈ, ਜਿਸ ਨਾਲ ਪਿਛਲੇ ਸਾਲ ਲੱਗੀ ਗਿੱਟੇ ਦੀ ਸੱਟ ਤੋਂ ਉੱਭਰਨ ਲਈ ਚੱਲ ਰਿਹਾ ਉਸਦਾ ‘ਰਿਹੈਬਿਲੀਟੇਸ਼ਨ’ ਪ੍ਰਭਾਵਿਤ ਹੋਇਆ।

ਇਸ 34 ਸਾਲ ਦੇ ਗੇਂਦਬਾਜ਼ ਨੇ ਕਿਹਾ, ‘‘ਮੈਂ ਕੱਲ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ, ਉਸ ਤੋਂ ਮੈਂ ਖੁਸ਼ ਹਾਂ। ਮੈਂ ਇਸ ਤੋਂ ਪਹਿਲਾਂ ਅੱਧੇ ‘ਰਨ ਅਪ’ ਨਾਲ ਗੇਂਦਬਾਜ਼ੀ ਕਰ ਰਿਹਾ ਸੀ ਕਿਉਂਕਿ ਮੈਂ ਜ਼ਿਆਦਾ ਦਬਾਅ ਨਹੀਂ ਲੈਣਾ ਚਾਹੁੰਦਾ ਸੀ ਪਰ ਕੱਲ ਮੈਂ ਪੂਰੇ ‘ਰਨ ਅਪ’ ਨਾਲ ਗੇਂਦਬਾਜ਼ੀ ਕੀਤੀ।’’

ਪਰਥ ’ਚ 22 ਨਵੰਬਰ ਤੋਂ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਲੜੀ ਦਾ ਜ਼ਿਕਰ ਕਰਦੇ ਹੋਏ ਸ਼ੰਮੀ ਨੇ ਕਿਹਾ,‘‘ਮੈਨੂੰ ਹੁਣ ਕੋਈ ਦਰਦ ਨਹੀਂ ਹੈ। ਹਰ ਕੋਈ ਲੰਬੇ ਸਮੇਂ ਤੋਂ ਸੋਚ ਰਿਹਾ ਹੈ ਕਿ ਮੈਂ ਆਸਟ੍ਰੇਲੀਆ ਲੜੀ ਲਈ ਜਾ ਸਕਾਂਗਾ ਜਾਂ ਨਹੀਂ ਪਰ ਅਜੇ ਇਸ ਵਿਚ ਥੋੜ੍ਹਾ ਸਮਾਂ ਹੈ।’’

ਰੋਹਿਤ ਨੇ ਕਿਹਾ ਸੀ ਕਿ ਉਹ ਫਿਟਨੈੱਸ ਦੇ ਕਾਰਨ ਸ਼ੰਮੀ ਨੂੰ ਮਹੱਤਵਪੂਰਨ ਲੜੀ ਲਈ ਲਿਜਾਣ ਦੇ ਪੱਖ ਵਿਚ ਨਹੀਂ ਹੈ। ਸ਼ੰਮੀ ਨੇ ਇਹ ਵੀ ਕਿਹਾ ਕਿ ਉਹ ਮੌਜੂਦਾ ਰਣਜੀ ਟਰਾਫੀ ਵਿਚ ਆਪਣੇ ਰਾਜ ਦੀ ਟੀਮ ਬੰਗਾਲ ਲਈ ਕੁਝ ਮੈਚ ਖੇਡਣਾ ਚਾਹੇਗਾ।

ਉਸ ਨੇ ਕਿਹਾ, ‘‘ਮੇਰੇ ਦਿਮਾਗ ਵਿਚ ਸਿਰਫ ਇਹ ਚੀਜ਼ਾਂ ਤੈਅ ਕਰਨਾ ਹੈ ਕਿ ਮੈਂ ਫਿੱਟ ਰਹਾਂ ਤੇ ਆਸਟ੍ਰੇਲੀਆ ਲੜੀ ਲਈ ਮੈਂ ਕਿੰਨਾ ਮਜ਼ਬੂਤ ਰਹਿ ਸਕਦਾ ਹਾਂ। ਮੈਨੂੰ ਪਤਾ ਹੈ ਕਿ ਆਸਟ੍ਰੇਲੀਆ ਵਿਚ ਕਿਸ ਤਰ੍ਹਾਂ ਦੇ ਹਮਲੇ ਦੀ ਲੋੜ ਪੈਂਦੀ ਹੈ। ਮੈਨੂੰ ਮੈਦਾਨ ’ਤੇ ਜ਼ਿਆਦਾ ਸਮਾਂ ਬਿਤਾਉਣਾ ਪਵੇਗਾ।’’

ਸ਼ੰਮੀ ਨੇ ਕਿਹਾ,‘‘ਮੈਂ ਇਸ ਤੋਂ ਪਹਿਲਾਂ ਕੁਝ ਰਣਜੀ ਮੈਚ ਖੇਡਣਾ ਚਾਹੁੰਦਾ ਹਾਂ।’’ ਉਹ ਇਸ ਸੱਟ ਕਾਰਨ ਆਸਟ੍ਰੇਲੀਆ ਵਿਰੁੱਧ 19 ਨਵੰਬਰ, 2023 ਵਨ ਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਭਾਰਤ ਲਈ ਨਹੀਂ ਖੇਡਿਆ ਹੈ।


Tarsem Singh

Content Editor

Related News