ਪਾਕਿ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰ ਬੋਲੇ ਅਰਸ਼ਦੀਪ ਸਿੰਘ, ਚੁਣੌਤੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ
Monday, Oct 24, 2022 - 03:06 PM (IST)
ਮੈਲਬੌਰਨ: ਅਰਸ਼ਦੀਪ ਸਿੰਘ ਨੇ ਜਦੋਂ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਵਿਰੁੱਧ ਕੈਚ ਛੱਡ ਦਿੱਤਾ ਸੀ ਤਾਂ ਉਨ੍ਹਾਂ ਦੀਆਂ ਰਾਤਾਂ ਦੀਆਂ ਨੀਦਾਂ ਉਡ ਗਈਆਂ ਸਨ ਪਰ ਟੀਮ ਦੇ ਹਾਂ-ਪੱਖੀ ਮਾਹੌਲ ਨੇ ਇਸ ਭਾਰਤੀ ਤੇਜ਼ ਗੇਂਦਬਾਜ਼ ਨੂੰ ਅੱਗੇ ਵਧਣ 'ਚ ਮਦਦ ਕੀਤੀ ਜਿਸ ਕਾਰਨ ਉਹ ਟੀ-20 ਵਿਸ਼ਵ ਕੱਪ ਵਿੱਚ ਪੁਰਾਣੇ ਵਿਰੋਧੀ ਪਾਕਿਸਤਾਨ ਦੇ ਖ਼ਿਲਾਫ਼ ਮੈਚ ਦਾ ਰੁਖ਼ ਬਦਲਣ ਵਾਲਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਿਹਾ। ਪਿਛਲੇ ਮਹੀਨੇ, ਉਸਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਵਿੱਚ ਇੱਕ ਕੈਚ ਛੱਡਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਕੁਝ ਲੋਕਾਂ ਨੇ ਉਸਨੂੰ 'ਖਾਲਿਸਤਾਨੀ' ਵੀ ਕਹਿ ਦਿੱਤਾ ਸੀ।
ਅਰਸ਼ਦੀਪ ਨੇ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ 'ਤੇ ਚਾਰ ਵਿਕਟਾਂ ਦੀ ਰੋਮਾਂਚਕ ਜਿੱਤ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਟੀਮ ਇੱਕ ਦੂਜੇ ਦੀ ਸੰਗਤ ਦਾ ਆਨੰਦ ਮਾਣਦੀ ਹੈ, ਅਸੀਂ ਮਾੜੇ ਸਮੇਂ ਵਿੱਚ ਇੱਕ ਦੂਜੇ ਲਈ ਖੜ੍ਹੇ ਹੁੰਦੇ ਹਾਂ। ਇਹ ਮਦਦ ਕਰਦਾ ਹੈ।' ਉਸ ਨੇ ਪਾਕਿਸਤਾਨ ਦੇ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਆਊਟ ਕਰਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋ ਮਹੀਨਿਆਂ ਦੇ ਅੰਦਰ ਦੋ ਦਬਾਅ ਵਾਲੇ ਮੈਚਾਂ ਵਿਚ ਚੁਣੌਤੀ ਦਾ ਸਾਹਮਣਾ ਕਰਨ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ, "ਜੇਕਰ ਤੁਸੀਂ ਆਪਣੀ ਖੇਡ ਦਾ ਆਨੰਦ ਲੈਂਦੇ ਹੋ, ਤਾਂ ਚੁਣੌਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ।"
ਅਰਸ਼ਦੀਪ ਨੇ ਕਿਹਾ, 'ਅਸੀਂ ਆਪਣੀ ਕ੍ਰਿਕਟ ਦਾ ਆਨੰਦ ਮਾਣਦੇ ਹਾਂ ਅਤੇ ਜਿਵੇਂ ਮੈਂ ਕਿਹਾ, ਟੀਮ ਦਾ ਮਾਹੌਲ ਸੱਚਮੁੱਚ ਚੰਗਾ ਹੈ। ਅਸੀਂ ਆਪਣੀ ਖੇਡ ਨੂੰ ਪਸੰਦ ਕਰਦੇ ਹਾਂ ਅਤੇ ਇੱਕ ਵਾਰ ਜਦੋਂ ਤੁਸੀਂ ਖੇਡ ਦਾ ਅਨੰਦ ਲੈਣਾ ਸ਼ੁਰੂ ਕਰ ਦਿੰਦੇ ਹੋ ਤਾਂ ਕੋਈ ਚੁਣੌਤੀ ਨਹੀਂ ਰਹਿੰਦੀ। ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਲਈ ਉਸ ਤੋਂ ਪੁੱਛੇ ਜਾਣ 'ਤੇ ਉਸ ਨੇ ਕਿਹਾ, 'ਮੈਂ ਕੁਝ ਵਾਧੂ ਨਹੀਂ ਕੀਤਾ, ਮੈਂ ਹਰ ਚੀਜ਼ ਨੂੰ ਸਧਾਰਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਜ਼ਿਆਦਾ ਨਹੀਂ ਸੋਚਦਾ।'