ਭਾਰਤੀ ਗੇਂਦਬਾਜ਼ੀ ’ਚ ਤਜ਼ਰਬੇ ਦੀ ਕਮੀ ਰਹੀ ਹੈ, ਭੁਵੀ ਉਸ ਨੂੰ ਪੂਰਾ ਕਰਨਗੇ : ਅਈਅਰ
Thursday, Oct 22, 2026 - 10:45 AM (IST)
ਸਪੋਰਟਰਸ ਡੈਸਕ : ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ’ਚ ਟੀਮ ਦੇ ਗੇਂਦਬਾਜ਼ੀ ਹਮਲੇ ’ਚ ਤਜ਼ਰਬੇ ਦੀ ਕਮੀ ਰਹੀ ਹੈ ਤੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਨਾਲ ਇਸ ਨੂੰ ਦੂਰ ਕਰਨ ’ਚ ਮਦਦ ਮਿਲੇਗੀ। 36 ਸਾਲਾ ਭੁਵਨੇਸ਼ਵਰ ਨੂੰ ਨਿਊਜ਼ੀਲੈਂਡ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਈਅਰ ਨੇ ਪਹਿਲੇ ਮੈਚ ਦੀ ਪੂਰਵਲੀ ਸ਼ਾਮ ’ਤੇ ਕਿਹਾ, ‘‘ਭੁਵੀ ਦੀ ਵਾਪਸੀ ਨਾਲ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੂੰ ਕਾਫੀ ਤਜ਼ਰਬਾ ਮਿਲਿਆ ਹੈ। ਆਈ. ਪੀ. ਐੱਲ. ਤੋਂ ਬਾਅਦ ਸਾਨੂੰ ਇਸ ਦੀ ਕਮੀ ਮਹਿਸੂਸ ਹੋ ਰਹੀ ਸੀ ਕਿਉਂਕਿ ਟੀਮ ’ਚ ਕਾਫੀ ਨਵੇਂ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ।’’ ਉਸ ਨੇ ਕਿਹਾ, ‘‘ਭੁਵਨੇਸ਼ਵਰ ਨੇ ਪਿਛਲੇ ਦੋ ਸਾਲਾਂ ’ਚ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਲਈ ਉਹ ਜਾਣਦਾ ਹੈ ਕਿ ਇਸ ਫਾਰਮੈੱਟ ’ਚ ਦਬਦਬਾ ਬਣਾਉਣ ਲਈ ਕੀ ਕਰਨਾ ਪੈਂਦਾ ਹੈ।’’
ਓਪਨਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਵੈਭਵ ਲਈ ਜਗ੍ਹਾ ਬਣਾਉਣਾ ਆਸਾਨ ਨਹੀਂ
ਸ਼੍ਰੇਅਸ ਅਈਅਰ ਨੇ ਨਾਲ ਹੀ ਕਿਹਾ ਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੂੰ ਅਜੇ ਆਖਰੀ-11 ’ਚ ਆਸਾਨੀ ਨਾਲ ਜਗ੍ਹਾ ਨਹੀਂ ਮਿਲ ਸਕਦੀ ਕਿਉਂਕਿ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਸਲਾਮੀ ਬੱਲੇਬਾਜ਼ ਦੇ ਰੂਪ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਹਾਲਾਂਕਿ ਕਿਹਾ ਕਿ ਇਸ ਨੌਜਵਾਨ ਬੱਲੇਬਾਜ਼ ਨੂੰ ਸਹੀ ਸਮੇਂ ’ਤੇ ਉਚਿਤ ਮੌਕੇ ਜ਼ਰੂਰ ਮਿਲਣਗੇ।
ਸੂਰਯਵੰਸ਼ੀ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਇੰਗਲੈਂਡ ਤੇ ਆਇਰਲੈਂਡ ਦੌਰੇ ਲਈ ਟੀਮ ’ਚ ਚੁਣਿਆ ਗਿਆ ਸੀ। ਭਾਰਤ ਨੇ ਤਦ ਤੋਂ ਜਿਹੜੇ 21 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਉਨ੍ਹਾਂ ’ਚੋਂ ਸੂਰਯਵੰਸ਼ੀ ਨੇ ਸਿਰਫ 8 ’ਚ ਹਿੱਸਾ ਲਿਆ ਹੈ, ਕਿਉਂਕਿ ਨਿਯਮਤ ਸਲਾਮੀ ਬੱਲੇਬਾਜ਼ ਅਭਿਸ਼ੇਕ ਤੇ ਸੈਮਸਨ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦੋਵਾਂ ਨੇ ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ । ਅਈਅਰ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਸੂਰਯਵੰਸ਼ੀ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਡ੍ਰੈਸਿੰਗ ਰੂਮ ’ਚ ਹਮੇਸ਼ਾ ਖੁਸ਼ ਰਹਿਣ।’’ ਉਸ ਨੇ ਕਿਹਾ, ‘‘ਉਹ ਬਹੁਤ ਨੌਜਵਾਨ ਹੈ ਤੇ ਉਸ ਨੂੰ ਅੱਗੇ ਕਾਫੀ ਮੌਕੇ ਮਿਲਣਗੇ। ਅਜਿਹਾ ਨਹੀਂ ਹੈ ਕਿ ਉਸ ਨੂੰ ਸਿੱਧੇ ਆਖਰੀ-11 ’ਚ ਜਗ੍ਹਾ ਮਿਲ ਜਾਵੇਗੀ, ਕਿਉਂਕਿ ਸਾਡੇ ਓਪਨਰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਉਨ੍ਹਾਂ ਨੇ ਵਿਸ਼ਵ ਕੱਪ ਜਿੱਤਿਆ ਹੈ।’’
ਏਸ਼ੀਆਈ ਖੇਡਾਂ ’ਚ ਸੂਰਯਵੰਸ਼ੀ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ ਤੇ ਸੈਮਸਨ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰਿਆ ਸੀ। ਅਈਅਰ ਨੇ ਕਿਹਾ ਕਿ ਸੂਰਯਵੰਸ਼ੀ ਨੂੰ ਵਿਦੇਸ਼ੀ ਹਾਲਾਤ ਦਾ ਤਜ਼ਰਬਾ ਹਾਸਲ ਕਰਨ ਨਾਲ ਭਵਿੱਖ ਦੀਆਂ ਪ੍ਰਤੀਯੋਗਿਤਾਵਾਂ ਲਈ ਬਿਹਤਰ ਤਿਆਰੀ ਕਰਨ ’ਚ ਮਦਦ ਮਿਲੇਗੀ।
