ਯਾਸਿਰ ਸ਼ਾਹ ''ਤੇ ਜਬਰ-ਜ਼ਿਨਾਹ ਦੇ ਦੋਸ਼ਾਂ ''ਤੇ PCB ਨੇ ਦਿੱਤਾ ਇਹ ਬਿਆਨ
Tuesday, Dec 21, 2021 - 06:53 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਕ੍ਰਿਕਟਰ ਯਾਸਿਰ ਸ਼ਾਹ ਦਾ ਨਾਂ ਇਕ ਕੁੜੀ ਦੇ ਨਾਲ ਕਥਿਤ ਜਬਰ-ਜ਼ਿਨਾਹ ਦੇ ਕੇਸ 'ਚ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸ਼ਾਲੀਮਾਰ ਪੁਲਸ ਸਟੇਸ਼ਨ 'ਚ 19 ਦਸੰਬਰ ਨੂੰ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਿਸ 'ਚ ਪੀੜਤ ਕੁੜੀ ਦੀ ਇਕ ਰਿਸ਼ਤੇਦਾਰ ਨੇ ਯਾਸਿਰ ਸ਼ਾਹ ਦਾ ਵੀ ਨਾ ਦਰਜ ਕਰਾਇਆ ਹੈ। ਸ਼ਿਕਾਇਤਕਰਤਾ ਨੇ ਮੁੱਖ ਦੋਸ਼ੀ ਫਰਹਾਨ 'ਤੇ ਪਾਕਿਸਤਾਨ ਪੀਨਲ ਕੋਡ ਦੇ ਤਹਿਤ 292-ਬੀ ਤੇ 292-ਸੀ (ਬਾਲ ਅਸ਼ਲੀਲਤਾ) ਦੇ ਨਾਲ-ਨਾਲ 376 (ਜਬਰ-ਜ਼ਿਨਾਹ) ਦਾ ਮਾਮਲਾ ਦਰਜ ਕਰਾਇਆ ਹੈ।
ਯਾਸਿਰ ਦੇ ਖ਼ਿਲਾਫ਼ ਵੀ ਮਾਮਲਾ ਦਰਜ ਹੋਇਆ ਹੈ ਤੇ ਇਸ 'ਚ ਉਸ ਨੂੰ ਨਾ ਸਿਰਫ਼ ਮੁੱਖ ਦੋਸ਼ੀ ਦਾ ਦੋਸਤ ਦੱਸਿਆ ਗਿਆ ਹੈ ਸਗੋਂ ਪੀੜਤਾ ਦੀ ਚਾਚੀ ਜਿਨ੍ਹਾਂ ਨੇ ਐੱਫ. ਆਈ. ਆਰ. ਦਰਜ ਕਰਾਈ ਸੀ ਉਨ੍ਹਾਂ ਨੂੰ ਧਮਾਕਾਉਣ ਦਾ ਵੀ ਦੋਸ਼ ਲਾਇਆ ਹੈ। 14 ਅਗਸਤ 2021 ਨੂੰ ਇਸ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਕਹੀ ਗਈ ਹੈ, ਹਾਲਾਂਕਿ ਇਸ ਕੇਸ 'ਚ ਅਜੇ ਤਕ ਕੋਈ ਗ਼੍ਰਿਫ਼ਤਾਰੀ ਦੀ ਖ਼ਬਰ ਨਹੀਂ ਹੈ।
ਯਾਸਿਰ ਸ਼ਾਹ ਵਲੋਂ ਇਸ ਪੂਰੇ ਮਾਮਲੇ 'ਤੇ ਅਜੇ ਤਕ ਕੋਈ ਬਿਆਨ ਨਹੀਂ ਆਇਆ ਹੈ, ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਕਿ ਅਸੀਂ ਪਾਇਆ ਹੈ ਕਿ ਸਾਡੇ ਸੈਂਟਰਲ ਕਾਂਟ੍ਰੈਕਟਿਡ ਪਲੇਅਰਸ 'ਚੋਂ ਇਕ ਦੇ ਖ਼ਿਲਾਫ਼ ਕੁਝ ਦੋਸ਼ ਲਾਏ ਗਏ ਹਨ। ਅਸੀਂ ਫਿਲਹਾਲ ਇਸ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਤੇ ਸਿਰਫ਼ ਪੂਰੇ ਤੱਥਾਂ ਦੇ ਬਾਅਦ ਹੀ ਕੁਝ ਕਹਿ ਸਕਾਂਗੇ।