IPL ਮੈਚਾਂ ''ਤੇ ਫਿਕਸਿੰਗ ਦਾ ਸਾਇਆ, ATS ਜਾਂਚ ''ਚ ਰੁੱਝੀ
Monday, Oct 12, 2020 - 08:07 PM (IST)
ਸ਼੍ਰੀਗੰਗਾਨਗਰ– ਰਾਜਸਥਾਨ ਵਿਚ ਪੁਲਸ ਦੇ ਏ. ਟੀ. ਐੱਸ. ਵਿੰਗ ਵਲੋਂ ਜੈਪੁਰ ਤੇ ਨਾਗੌਰ ਵਿਚ ਕ੍ਰਿਕਟ ਸੱਟੇਬਾਜ਼ਾਂ ਦੇ ਇਕ ਵੱਡੇ ਅੰਤਰਰਾਜੀ ਗਿਰੋਹ ਦਾ ਭਾਂਡਾ ਭੰਨਣ ਉਪਰੰਤ ਸੰਯੁਕਤ ਅਰਬ ਅਮੀਰਾਤ ਵਿਚ ਖੇਡੇ ਜਾ ਰਹੇ ਆਈ. ਪੀ. ਐੱਲ. ਟੂਰਨਾਮੈਂਟ ਦੇ ਮੈਚਾਂ ਵਿਚ ਫਿਕਸਿੰਗ ਹੋਣ ਦਾ ਸਾਇਆ ਮੰਡਰਾਉਣ ਲੱਗਾ ਹੈ।
ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐੱਸ. ਓ. ਜੀ. ਨੇ ਇਸ ਸ਼ੱਕ ਨੂੰ ਦੇਖਦੇ ਹੋਏ ਫੜੇ ਗਏ ਸੱਟੇਬਾਜ਼ਾਂ ਵਲੋਂ ਸੱਟੇਬਾਜ਼ੀ ਲਈ ਇਸਤੇਮਾਲ ਕੀਤੀ ਜਾ ਰਹੀ ਆਨਲਾਈਨ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਸੰਪਰਕ ਵਿਦੇਸ਼ਾਂ ਵਿਚ ਹੋਣ ਦੀ ਸੰਭਾਵਨਾ ਏ. ਟੀ. ਐੱਸ. ਨੇ ਪ੍ਰਗਟਾਈ ਹੈ।
ਜ਼ਿਕਰਯੋਗ ਹੈ ਕਿ ਇਕ ਸੂਤਰ ਦੇ ਆਧਾਰ 'ਤੇ ਕਈ ਦਿਨਾਂ ਤੱਕ ਗੁਪਤ ਤੌਰ 'ਤੇ ਜਾਂਚ-ਪੜਤਾਲ ਕਰਕੇ ਕੱਲ ਰਾਤ ਏ. ਟੀ. ਐੱਸ. ਨੇ ਇਕ ਵੱਡਾ ਆਪ੍ਰੇਸ਼ਨ ਚਲਾਇਆ, ਜਿਸ ਵਿਚ 14 ਵਿਅਕਤੀ ਫੜੇ ਗਏ।
ਰਾਜਸਥਾਨ ਵਿਚ ਜੈਪੁਰ ਤੇ ਨਾਗੌਰ ਵਿਚ ਛਾਪੇਮਾਰੀ ਕੀਤੀ ਗਈ। ਉਥੇ ਹੀ ਨਵੀਂ ਦਿੱਲੀ, ਗੁਜਰਾਤ ਤੇ ਹੈਦਰਾਬਾਦ ਵਿਚ ਵੀ ਸੱਟੇਬਾਜ਼ ਫੜੇ ਗਏ ਹਨ। ਏ. ਟੀ. ਐੱਸ. ਸੂਤਰਾਂ ਅਨੁਸਾਰ ਹੋਰਨਾਂ ਰਾਜਾਂ ਦੇ ਲੋਕ ਰਾਜਸਥਾਨ ਵਿਚ ਆ ਕੇ ਪਛਾਣ ਬਦਲ ਕੇ ਸੱਟੇਬਾਜ਼ੀ ਕਰ ਰਹੇ ਸਨ। ਇਨ੍ਹਾਂ ਦੇ ਆਈ. ਪੀ. ਐੱਲ. ਵਿਚ ਸੱਟਾ ਲਾਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ।
ਕੱਲ ਰਾਤ ਏ. ਟੀ. ਐੱਸ. ਦੀ ਟੀਮ ਨੇ ਤੰਲਗਾਨਾ ਦੇ ਹੈਦਰਾਬਾਦ ਤੋਂ 7, ਜੈਪੁਰ ਦੇ ਜਗਤਪੁਰਾ ਤੋਂ 5 ਤੇ ਸੋਡਾਲਾ ਤੋਂ 2 ਸੱਟੇਬਾਜ਼ਾਂ ਨੂੰ ਫੜਿਆ। ਨਾਗੌਰ ਤੇ ਦਿੱਲੀ ਵਿਚ ਛਾਪੇਮਾਰੀ ਦੌਰਾਨ ਫਰਾਰ ਹੋਏ ਸੱਟੇਬਾਜ਼ਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਸੱਟੇਬਾਜ਼ਾਂ ਦੇ ਠਿਕਾਣਿਆਂ ਤੋਂ ਕਾਫੀ ਵੱਡੀ ਮਾਤਰਾ ਵਿਚ ਉਪਕਰਣ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚ ਕੰਪਿਊਟਰ, ਲੈਪਟਾਪ, ਮੋਬਾਈਲ ਫੋਨ ਤੇ ਹੋਰ ਤਕਨੀਕੀ ਉਪਕਰਣ ਸ਼ਾਮਲ ਹਨ।