ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ ਲਈ ਪੂਲ-ਬੀ ’ਚ ਮਿਲੀ ਜਗ੍ਹਾ

01/22/2024 7:11:02 PM

ਲੁਸਾਨੇ (ਸਵਿਟਜ਼ਰਲੈਂਡ),  (ਭਾਸ਼ਾ)– ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੂੰ ਇਸ ਸਾਲ ਦੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਪੁਰਸ਼ ਹਾਕੀ ਪ੍ਰਤੀਯੋਗਿਤਾ ਵਿਚ ਮੁਸ਼ਕਿਲ ਪੂਲ-ਬੀ ਵਿਚ ਰੱਖਿਆ ਗਿਆ ਹੈ।

8 ਵਾਰ ਦੇ ਚੈਂਪੀਅਨ ਭਾਰਤ ਨੇ ਟੋਕੀਓ ਵਿਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਵਿਚ 41 ਸਾਲ ਦੇ ਤਮਗੇ ਦੇ ਸੋਕੇ ਨੂੰ ਖਤਮ ਕੀਤਾ ਸੀ। ਭਾਰਤ ਦੇ ਨਾਲ ਪੂਲ-ਬੀ ਵਿਚ ਓਲੰਪਿਕ ਚੈਂਪੀਅਨ ਤੇ ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਕਾਬਜ਼ ਬੈਲਜੀਅਮ, ਬੇਹੱਦ ਮਜ਼ਬੂਤ ਆਸਟਰੇਲੀਆ, ਰੀਓ ਖੇਡਾਂ ਦੀ ਸੋਨ ਤਮਗਾ ਜੇਤੂ ਅਰਜਨਟੀਨਾ, ਨਿਊਜ਼ੀਲੈਂਡ ਤੇ ਆਇਰਲੈਂਡ ਦੀਆਂ ਟੀਮਾਂ ਹਨ। ਭਾਰਤ ਮੌਜੂਦਾ ਸਮੇਂ ਵਿਚ ਬੈਲਜੀਅਮ ਤੇ ਨੀਦਰਲੈਂਡ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਹੈ। ਟੀਮ ਲਈ ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਆਸਟ੍ਰੇਲੀਆ ਤੇ ਅਰਜਨਟੀਨਾ ਨੂੰ ਹਰਾਉਣਾ ਮੁਸ਼ਕਿਲ ਸਾਬਤ ਹੋਵੇਗਾ। ਇਸ ਵਿਚਾਲੇ, ਪੂਲ-ਏ ਵਿਚ ਨੀਦਰਲੈਂਡ, ਜਰਮਨੀ, ਗ੍ਰੇਟ ਬ੍ਰਿਟੇਨ, ਸਪੇਨ, ਫਰਾਂਸ ਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਨੇ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਦੇ ਪੂਰਾ ਹੋਣ ਤੋਂ ਬਾਅਦ ਪੁਰਸ਼ ਤੇ ਮਹਿਲਾ ਹਾਕੀ ਪ੍ਰਤੀਯੋਗਿਤਾ ਦੇ ਪੂਲ ਦਾ ਐਲਾਨ ਕੀਤਾ। ਪੈਰਿਸ ਵਿਚ ਭਾਰਤੀ ਮਹਿਲਾ ਟੀਮ ਦੀ ਪ੍ਰਤੀਨਿਧਤਾ ਨਹੀਂ ਹੋਵੇਗੀ। ਟੀਮ ਰਾਂਚੀ ਵਿਚ ਕੁਆਲੀਫਾਇਰ ਮੁਕਾਬਲੇ ਵਿਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਓਲੰਪਿਕ ਖੇਡਣ ਦੇ ਮੌਕੇ ਤੋਂ ਖੁੰਝ ਗਈ। ਮਹਿਲਾ ਵਰਗ ਵਿਚ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡ ਨੂੰ ਬੈਲਜੀਅਮ, ਜਰਮਨੀ, ਜਾਪਾਨ, ਚੀਨ ਤੇ ਮੇਜ਼ਬਾਨ ਫਰਾਂਸ ਦੇ ਨਾਲ ਪੂਲ-ਏ ਵਿਚ ਰੱਖਿਆ ਗਿਅਾ ਹੈ ਜਦਕਿ ਪੂਲ-ਬੀ ਵਿਚ ਆਸਟ੍ਰੇਲੀਆ, ਮੌਜੂਦਾ ਚਾਂਦੀ ਤਮਗਾ ਜੇਤੂ ਅਰਜਨਟੀਨਾ, ਬ੍ਰਿਟੇਨ, ਸਪੇਨ, ਅਮਰੀਕਾ ਤੇ ਦੱਖਣੀ ਅਫਰੀਕਾ ਸ਼ਾਮਲ ਹਨ। ਓਲੰਪਿਕ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਐੱਫ. ਆਈ. ਐੱਚ. ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਉਨ੍ਹਾਂ ਦੇ ਸੰਬੰਧਤ ਪੂਲਾਂ ਵਿਚ ਵੰਡਿਆ ਗਿਆ ਹੈ।


Tarsem Singh

Content Editor

Related News