ਫਾਰਮ ’ਚ ਚੱਲ ਰਹੀ ਦਿੱਲੀ ਕੈਪੀਟਲਸ ਦੀਆਂ ਨਜ਼ਰਾਂ ਪਹਿਲੇ ਡਬਲਯੂ. ਪੀ. ਐੱਲ. ਖਿਤਾਬ ’ਤੇ

03/16/2024 7:20:55 PM

ਨਵੀਂ ਦਿੱਲੀ, (ਭਾਸ਼ਾ)– ਫਾਰਮ ’ਚ ਚੱਲ ਰਹੀ ਦਿੱਲੀ ਕੈਪੀਟਲਸ ਪਿਛਲੇ ਸਾਲ ਖੁੰਝ ਗਈ ਸੀ ਪਰ ਹੁਣ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਦੂਜੇ ਪ੍ਰੀਮੀਅਰ ਲੀਗ ਫਾਈਨਲ ਵਿਚ ਉਸਦੀਆਂ ਨਜ਼ਰਾਂ ਖਿਤਾਬ ਆਪਣੇ ਨਾਂ ਕਰਨ ’ਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਪਹਿਲੇ ਸੈਸ਼ਨ ਦੇ ਫਾਈਨਲ ’ਚ ਦਿੱਲੀ ਕੈਪੀਟਲਸ ਨੂੰ ਮੁੰਬਈ ਇੰਡੀਅਨਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ। ਇਸ ਵਾਰ ਦਿੱਲੀ ਦੀ ਟੀਮ ਸ਼ਾਨਦਾਰ ਫਾਰਮ ਵਿਚ ਹੈ ਤੇ 8 ਮੈਚਾਂ ਵਿਚੋਂ 12 ਅੰਕ ਲੈ ਕੇ 5 ਟੀਮਾਂ ਦੀ ਲੀਗ ਵਿਚ ਚੋਟੀ ’ਤੇ ਹੈ।

ਮੇਗ ਲੈਨਿੰਗ ਨੇ ਮੋਰਚੇ ਤੋਂ ਅਗਵਾਈ ਕਰਦੇ ਹੋਏ 8 ਪਾਰੀਆਂ ’ਚ 308 ਦੌੜਾਂ ਬਣਾਈਆਂ ਹਨ ਜਦਕਿ ਦੱਖਣੀ ਅਫਰੀਕਾ ਦੀ ਆਲਰਾਊਂਡਰ ਮਾਰਿਆਨੇ ਕਾਪ ਤੇ ਆਸਟ੍ਰੇਲੀਆ ਦੀ ਖੱਬੇ ਹੱਥ ਦੇ ਸਪਿਨਰ ਜੇਸ ਜੋਨਾਸੇਨ ਨੇ 11-11 ਵਿਕਟਾਂ ਲਈਆਂ ਹਨ। ਇਸ ਸੈਸ਼ਨ ’ਚ ਦਿੱਲੀ ਨੂੰ ਦੋ ਵਾਰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਮੁੰਬਈ ਇੰਡੀਅਨਜ਼ ਤੇ ਯੂ. ਪੀ. ਵਾਰੀਅਰਸ ਨੇ ਹਰਾਇਆ। ਇਸ ਤੋਂ ਇਲਾਵਾ ਉਸਦੀ ਮੁਹਿੰਮ ਬੇਦਾਗ ਰਹੀ।

ਆਰ. ਸੀ. ਬੀ. ਵਿਰੁੱਧ ਹੁਣ ਤਕ ਖੇਡੇ ਗਏ ਚਾਰੇ ਮੁਕਾਬਲੇ ਉਸ ਨੇ ਜਿੱਤੇ ਹਨ ਪਰ ਫਾਈਨਲ ਵਿਚ ਪਿਛਲਾ ਪ੍ਰਦਰਸ਼ਨ ਮਾਇਨੇ ਨਹੀਂ ਰੱਖੇਗਾ। ਇਹ ਨਵਾਂ ਦਿਨ ਤੇ ਨਵਾਂ ਮੈਚ ਹੋਵੇਗਾ, ਜਿਸ ਵਿਚ ਦਬਾਅ ਝੱਲਣ ਵਿਚ ਕਾਮਯਾਬ ਰਹਿਣ ਵਾਲੀ ਟੀਮ ਨੂੰ ਹੀ ਟਰਾਫੀ ਮਿਲੇਗੀ। ਦਿੱਲੀ ਨੂੰ ਲੈਨਿੰਗ ਤੇ ਸ਼ੈਫਾਲੀ ਵਰਮਾ ਤੋਂ ਚੰਗੀ ਸ਼ੁਰੂਆਤ ਮਿਲਣ ਦੀ ਉਮੀਦ ਹੋਵੇਗੀ। ਜੇਮਿਮਾ ਰੋਡ੍ਰਿਗਜ਼ ਵੀ ਮੱਧਕ੍ਰਮ ’ਚ ਫਾਰਮ ’ਚ ਹੈ ਪਰ ਆਲਰਾਊਂਡਰ ਐਲਿਸ ਕੈਪਸੀ ਤੇ ਕਾਪ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਗੇਂਦਬਾਜ਼ੀ ’ਚ ਜੋਨਾਸੇਨ, ਕਾਪ ਤੇ ਸ਼ਿਖਾ ਪਾਂਡੇ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਨੇ ਵੀ 10 ਵਿਕਟਾਂ ਲਈਆਂ ਹਨ ਤੇ ਕੋਟਲਾ ਦੀ ਹੌਲੀ ਪਿੱਚ ’ਤੇ ਉਸਦੀ ਭੂਮਿਕਾ ਅਹਿਮ ਰਹੇਗੀ।

ਦੂਜੇ ਪਾਸੇ ਆਰ. ਸੀ. ਬੀ. ਲੀਗ ਗੇੜ ’ਚ ਤੀਜੇ ਸਥਾਨ ’ਤੇ ਰਹੀ ਸੀ ਪਰ ਸ਼ੁੱਕਰਵਾਰ ਨੂੰ ਰੋਮਾਂਚਕ ਐਲਿਮੀਨੇਟਰ ’ਚ ਘੱਟ ਸਕੋਰ ਬਣਾਉਣ ਦੇ ਬਾਵਜੂਦ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਆਲਰਾਊਂਡਰ ਐਲਿਸ ਪੈਰੀ ’ਤੇ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਹੋਵੇਗੀ ਜਿਹੜੀ ਹੁਣ ਤਕ 312 ਦੌੜਾਂ ਬਣਾ ਚੁੱਕੀ ਹੈ। ਉਸ ਨੇ 7 ਵਿਕਟਾਂ ਵੀ ਲਈਆਂ ਹਨ। ਮੁੰਬਈ ਵਿਰੁੱਧ ਪੈਰੀ ਦਾ ਆਲਰਾਊਂਡ ਪ੍ਰਦਰਸ਼ਨ ਨਾ ਹੁੰਦਾ ਤਾਂ ਆਰ. ਸੀ.ਬੀ. ਅੱਜ ਫਾਈਨਲ ’ਚ ਨਾ ਹੁੰਦੀ। ਪਹਿਲਾਂ ਉਸ ਨੇ 50 ਗੇਂਦਾਂ ’ਚ 66 ਦੌੜਾਂ ਬਣਾਈਆਂ ਤੇ ਫਿਰ ਇਕ ਵਿਕਟ ਵੀ ਲਈ। ਉਸ ਨੇ ਹਾਲਾਂਕਿ ਕਪਤਾਨ ਸਮ੍ਰਿਤੀ ਮੰਧਾਨਾ, ਸੋਫੀ ਡਿਵਾਇਨ, ਰਿਚਾ ਘੋਸ਼ ਤੇ ਸੋਫੀ ਮੋਲਿਨੂ ਤੋਂ ਹੋਰ ਸਹਿਯੋਗ ਦੀ ਉਮੀਦ ਹੋਵੇਗੀ। ਆਰ. ਸੀ. ਬੀ. ਦੀਆਂ ਗੇਂਦਬਾਜ਼ਾਂ ਖਾਸ ਤੌਰ ’ਤੇ ਰੇਣਕੂ ਸਿੰਘ, ਸ਼੍ਰੇਯੰਕਾ ਪਾਟਿਲ ਤੇ ਜਾਰਜੀਆ ਵੇਅਰਹੈਮ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

ਟੀਮਾਂ ਇਸ ਤਰ੍ਹਾਂ ਹਨ

ਦਿੱਲੀ ਕੈਪੀਟਲਸ : ਮੇਗ ਲੈਨਿੰਗ (ਕਪਤਾਨ), ਲੌਰਾ ਹੈਰਿਸ, ਤਾਨੀਆ ਭਾਟੀਆ, ਜੇਮਿਮਾ ਰੋਡ੍ਰਿਗਜ਼, ਸ਼ੈਫਾਲੀ ਵਰਮਾ, ਐਲਿਸ ਕੈਪਸੀ, ਮਰਿਆਨੇ ਕਾਪ, ਸ਼ਿਖਾ ਪਾਂਡੇ, ਅਨਾਬੇਲ ਸਦਰਲੈਂਡ, ਜੇਸ ਜੋਨਾਸੇਨ, ਮੀਨੂ ਮਣੀ, ਪੂਨਮ ਯਾਦਵ, ਅਰੁੰਧਤੀ ਰੈੱਡੀ, ਟਿਟਾਸ ਸਾਧੂ, ਰਾਧਾ ਯਾਦਵ, ਅਸ਼ਵਿਨੀ ਕੁਮਾਰੀ, ਅਪਰਣਾ ਮੰਡਲ, ਵੀ. ਸਨੇਹਾ ਦੀਪਤੀ।

ਰਾਇਲ ਚੈਲੰਜਰਜ਼ ਬੈਂਗਲੁਰੂ : ਸਮ੍ਰਿਤੀ ਮੰਧਾਨਾ (ਕਪਤਾਨ), ਰਿਚਾ ਘੋਸ਼, ਦਿਸ਼ਾ ਕਾਸਾਤ, ਐੱਸ. ਮੇਘਨਾ, ਇੰਦ੍ਰਾਣੀ ਰਾਏ, ਸਤੀਸ਼ ਸ਼ੁਭਾ, ਹੀਥਰ ਨਾਈਟ, ਸਿਮਰਨ ਬਹਾਦੁਰ, ਐੱਨ. ਡੀ. ਕਲੇਰਕ, ਸੋਫੀ ਡਿਵਾਈਨ, ਸ਼੍ਰੇਯਾਂਕਾ ਪਾਟਿਲ, ਐਲਿਸ ਪੈਰੀ, ਆਸ਼ਾ ਸ਼ੋਭਨਾ, ਏਕਤਾ ਬਿਸ਼ਟ, ਕੇਟ ਕ੍ਰਾਸ, ਸੋਫੀ ਮੋਲਿਨ, ਸ਼ਰਧਾ ਪੋਖਰਕਰ, ਰੇਣਕੂ ਸਿੰਘ, ਜਾਰਜੀਆ ਵੇਰਹੈਮ।


Tarsem Singh

Content Editor

Related News