ਫਿਡੇ ਕੈਂਡੀਡੇਟ ਹੁਣ ਦੁਬਾਰਾ ਸ਼ੁਰੂ ਹੋਵੇਗਾ, ਵਿਸ਼ਵ ਚੈਂਪੀਅਨ ਨੂੰ ਮਿਲੇਗਾ ਵਿਰੋਧੀ
Wednesday, Feb 17, 2021 - 03:10 AM (IST)
![ਫਿਡੇ ਕੈਂਡੀਡੇਟ ਹੁਣ ਦੁਬਾਰਾ ਸ਼ੁਰੂ ਹੋਵੇਗਾ, ਵਿਸ਼ਵ ਚੈਂਪੀਅਨ ਨੂੰ ਮਿਲੇਗਾ ਵਿਰੋਧੀ](https://static.jagbani.com/multimedia/2021_1image_02_01_208167163chess.jpg)
ਏਕਤੁਰਿਨਬੁਰਗ (ਰੂਸ) (ਨਿਕਲੇਸ਼ ਜੈਨ)– ਪਿਛਲੇ ਸਾਲ ਮਾਰਚ ਮਹੀਨੇ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਚੁਣੌਤੀ ਦੇਣ ਵਾਲੇ ਖਿਡਾਰੀ ਦੀ ਚੋਣ ਮਤਲਬ ਫਿਡੇ ਕੈਂਡੀਡੇਟ ਟੂਰਨਾਮੈਂਟ ਨੂੰ ਕੋਵਿਡ-19 ਦੇ ਕਾਰਣ ਰੋਕ ਦਿੱਤਾ ਗਿਆ ਸੀ ਤੇ ਨਤੀਜੇ ਵਜੋਂ ਵਿਸ਼ਵ ਚੈਂਪੀਅਨਸ਼ਿਪ ਨੂੰ ਦਸੰਬਰ ਵਿਚ ਹੋਣ ਸੀ, ਉਹ ਵੀ ਰੱਦ ਹੋ ਗਈ ਸੀ ਪਰ ਹੁਣ ਕਿਉਂਕਿ ਦਸੰਬਰ 2021 ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਦੁਬਈ ਵਿਚ ਹੋਣਾ ਤੈਅ ਕਰ ਦਿੱਤਾ ਗਿਆ ਹੈ, ਇਸਦੇ ਨਾਲ ਹੀ ਫਿਡੇ ਕੈਂਡੀਡੇਟ ਟੂਰਨਾਮੈਂਟ ਨੂੰ ਵੀ ਅਪ੍ਰੈਲ ਵਿਚ ਖਤਮ ਕਰਵਾਇਆ ਜਾਵੇਗਾ।
ਫਿਡੇ ਕੈਂਡੀਡੇਟ ਵਿਚ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਦੁਨੀਆ ਦੇ 8 ਬਿਹਤਰੀਨ ਖਿਡਾਰੀਆਂ ਵਿਚਾਲੇ ਡਬਲ ਰਾਊਂਡ ਰੌਬਿਨ ਪ੍ਰਤੀਯੋਗਿਤਾ ਨੂੰ 7 ਰਾਊਂਡਾਂ ਤੋਂ ਬਾਅਦ ਰੋਕ ਦਿੱਤਾ ਗਿਆ ਸੀ ਤੇ ਹੁਣ ਇਸਦੇ ਬਾਕੀ ਦੇ 7 ਰਾਊਂਡ 19 ਅਪ੍ਰੈਲ ਤੋਂ ਖੇਡੇ ਜਾਣਗੇ। ਜਦੋਂ ਪ੍ਰਤੀਯੋਗਿਤਾ ਰੋਕੀ ਗਈ ਸੀ ਤਦ ਫਰਾਂਸ ਦਾ ਮੈਕਿਸਮ ਲਾਗ੍ਰੇਵ 4.5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ ’ਤੇ ਪਹਿਲੇ ਸਥਾਨ ’ਤੇ ਚੱਲ ਰਿਹਾ ਸੀ ਜਦਕਿ ਇੰਨੇ ਹੀ ਅੰਕਾਂ ਦੇ ਨਾਲ ਰੂਸ ਦਾ ਇਯਾਨ ਨੈਪੋਮਨਿਆਚੀ ਦੂਜੇ ਸਥਾਨ ’ਤੇ ਚੱਲ ਰਿਹਾ ਸੀ। ਹੋਰਨਾਂ ਖਿਡਾਰੀਆਂ ਵਿਚ ਅਮਰੀਕਾ ਦਾ ਵਿਸ਼ਵ ਨੰਬਰ 2 ਫਬਿਆਨੋ ਕਰੂਆਨਾ, ਨੀਦਰਲੈਂਡ ਦਾ ਅਨੀਸ਼ ਗਿਰੀ, ਚੀਨ ਦਾ ਹਾਓ ਵਾਡ ਤੇ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ 3.5 ਅੰਕਾਂ ’ਤੇ, ਚੀਨ ਦਾ ਡਿੰਗ ਲੀਰੇਨ ਤੇ ਰੂਸ ਦਾ ਅਲੇਕਸੀਂਕੋਂ ਕਿਰਿਲ 2.5 ਅੰਕਾਂ ਨਾਲ ਖੇਡ ਰਹੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।