ਹਾਰ ਤੋਂ ਨਿਰਾਸ਼ ਪਾਕਿ ਸਮਰਥਕਾਂ ਨੇ ਸੋਸ਼ਲ ਮੀਡੀਆ ''ਤੇ ਕੱਢੀ ਭੜਾਸ

Monday, Jun 17, 2019 - 09:12 PM (IST)

ਹਾਰ ਤੋਂ ਨਿਰਾਸ਼ ਪਾਕਿ ਸਮਰਥਕਾਂ ਨੇ ਸੋਸ਼ਲ ਮੀਡੀਆ ''ਤੇ ਕੱਢੀ ਭੜਾਸ

ਲਖਨਊ— ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਵਿਚ ਭਾਰਤੀ ਟੀਮ ਹੱਥੋਂ ਕਰਾਰੀ ਹਾਰ ਝੱਲਣ ਵਾਲੀ ਪਾਕਿਸਤਾਨੀ ਟੀਮ ਨੂੰ ਆਪਣੇ ਸਮਰਥਕਾਂ ਦੀ ਸਖਤ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਨਿਰਾਸ਼ ਪਾਕਿ ਸਮਰਥਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਭੜਾਸ ਕੱਢੀ ਹੈ।
ਪਾਕਿ ਟੀਮ ਦੇ ਪ੍ਰਸ਼ੰਸਕ ਡਾਵਰ ਬੱਟ ਨੇ ਟਵੀਟ ਕੀਤਾ, ''ਭਾਰਤ ਤੇ ਪਾਕਿਸਤਾਨ ਟੀਮ ਵਿਚਾਲੇ ਇਕ ਵੱਡਾ ਫਰਕ ਇਹ ਹੈ ਕਿ ਭਾਰਤੀ ਵਿਸ਼ਵ ਕੱਪ ਜਿੱਤਣ ਇੰਗਲੈਂਡ ਆਏ ਹਨ, ਜਦਕਿ ਅਸੀਂ ਭਾਰਤ ਨੂੰ ਹਰਾਉਣ ਆਏ ਹਾਂ।'' ਇਕ ਹੋਰ ਪ੍ਰਸ਼ੰਸਕ ਸ਼ੇਖ ਨੇ ਕਿਹਾ, ''ਸਮਝ ਵਿਚ ਨਹੀਂ ਆਉਂਦਾ ਕਿ ਕਿਸੇ ਇਨ੍ਹਾਂ ਨੂੰ ਕਿਹਾ ਸੀ ਕਿ ਪਹਿਲਾਂ ਬਾਲਿੰਗ ਕਰੋ।''
ਅਹਿਮਦ ਨੇ ਲਿਖਿਆ, ''ਇੰਡੀਆ ਤੂੰ ਸਾਨੂੰ ਇਸ ਤਰ੍ਹਾਂ ਕੁੱਟ ਰਿਹਾ ਹੈਂ, ਜਿਵੇਂ ਕੋਹਿਨੂਰ ਅਸੀਂ ਚੋਰੀ ਕੀਤਾ ਹੋਵੇ।'' ਉਸ ਨੇ ਫਿਰ ਟਵੀਟ ਕੀਤਾ, ''ਡੀਅਰ ਇੰਡੀਆ ਥੋੜ੍ਹਾ ਹੱਥ ਹੌਲਾ ਰੱਖੋ, ਸਾਡੇ ਸਰਫਰਾਜ਼ ਨੇ ਰੋ ਪੈਣਾ ਹੈ ਹੁਣੇ।'' ਆਦਿਲ ਲਿਖਦਾ ਹੈ, ''ਇੰਡੀਆ ਤਾਂ ਸਾਨੂੰ ਇਸ ਤਰ੍ਹਾਂ ਧੋ ਰਿਹਾ ਹੈ, ਜਿਵੇਂ ਅਸੀਂ ਆਈ. ਐੱਮ. ਐੱਫ. ਤੋਂ ਕਰਜ਼ਾ ਨਹੀਂ, ਇਨ੍ਹਾਂ ਤੋਂ ਲੈਂਦੇ ਹਾਂ।''
ਅਮਹਰ ਨਕਵੀ ਨੇ ਲਿਖਿਆ, ''ਪਾਕਿਸਤਾਨ ਨੇ ਟਾਸ ਜਿੱਤਿਆ ਤੇ ਪਾਕਿਸਤਾਨੀਆਂ ਨੂੰ ਟਾਰਚਰ ਕਰਨ ਦਾ ਫੈਸਲਾ ਲਿਆ।'' ਉਧਰ ਮੈਚ ਤੋਂ ਪਹਿਲਾਂ ਫੇਸਬੁੱਕ ਅਤੇ ਵ੍ਹਟਸਐਪ 'ਤੇ ਭਾਰਤੀ ਪ੍ਰਸ਼ੰਸਕਾਂ ਵਿਚਾਲੇ ਪੋਸਟ ਟਰਾਂਸਫਰ ਕਰਨ ਦੀ ਦੌੜ ਮਚੀ ਹੋਈ ਸੀ। ਫਾਦਰਜ਼ ਡੇਅ ਮੌਕੇ ਖੇਡੇ ਗਏ ਇਸ ਮੈਚ ਵਿਚ ਕਈ ਪ੍ਰਸ਼ੰਸਕ ਪਾਕਿਸਤਾਨੀ ਟੀਮ ਦੀ ਖਿਚਾਈ ਕਰਦੇ ਨਜ਼ਰ ਆਏ ਅਤੇ ਕਈਆਂ ਨੇ ਤਾਂ ਇਸ ਲਈ ਕਾਰਟੂਨਜ਼ ਦਾ ਸਹਾਰਾ ਲਿਆ।


author

Gurdeep Singh

Content Editor

Related News