ਕੋਰੋਨਾ ਮਹਾਮਾਰੀ ਦਾ ਨਹੀਂ ਪਵੇਗਾ ''ਬਿੱਗ ਥ੍ਰੀ'' ''ਤੇ ਜ਼ਿਆਦਾ ਅਸਰ
Wednesday, May 20, 2020 - 05:56 PM (IST)

ਸਪੋਰਟਸ ਡੈਸਕ : ਭਾਰਤ ਦੇ ਮਹਾਨ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ ਦਾ ਮੰਨਣਾ ਹੈ ਕਿ ਪੇਸ਼ੇਵਰ ਟੂਰ ਦੇ ਮੁਅੱਤਲ ਹੋਣ ਕਾਰਨ ਟੈਨਿਸ ਦੇ 'ਬਿਗ ਥ੍ਰੀ' 'ਤੇ ਕੋਈ ਅਸਰ ਨਹੀਂ ਪਵੇਗਾ ਪਰ ਅਸਲ ਸੰਘਰਸ਼ ਭਾਰਤੀਆਂ ਸਣੇ ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਕਰਨਾ ਪਵੇਗਾ। ਪੁਰਸ਼ਾਂ ਦਾ ਟੂਰ ਏ. ਟੀ. ਪੀ. ਅਗਸਤ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗਾ ਅਤੇ ਮਹਿਲਾ ਟੂਰ ਡਬਲਯੂ. ਟੀ. ਏ. 20 ਜੁਲਾਈ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਅਮ੍ਰਿਤਰਾਜ ਨੇ ਕਿਹਾ ਕਿ ਰੋਜਰ ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲਨੂੰ ਆਰਥਿਕ ਕਮੀ ਜਾਂ ਅੱਗੇ ਵਧਣ ਦਾ ਦਬਾਅ ਮਹਿਸੂਸ ਨਹੀਂ ਹੋਵੇਗਾ।
ਅਮ੍ਰਿਤਰਾਜ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ (ਨਡਾਲ, ਜੋਕੋਵਿਚ, ਫੈਡਰਰ) 'ਤੇ ਪੈਸੇ ਜਾਂ ਏ. ਟੀ. ਪੀ. ਨੂੰ ਲੈ ਕੇ ਕੋਈ ਦਬਾਅ ਨਹੀਂ ਹੋਵੇਗਾ। ਉਨ੍ਹਾਂ ਦੀ ਗ੍ਰੈਂਡਸਲੈਮ 'ਤੇ ਪਕੜ ਮਜ਼ਬੂਤ ਹੈ। ਉਨ੍ਹਾਂ ਨੇ ਇਤਿਹਾਸ ਰਚਿਆ ਹੈ। 100 ਤੋਂ ਬਾਹਰ ਰੈਂਕਿੰਗ ਵਾਲੇ ਖਿਡਾਰੀਆਂ ਦੇ ਲਈ ਅਸਲੀ ਪ੍ਰੇਸ਼ਾਨੀ ਹੈ। ਟੈਨਿਸ ਜਗਤ ਵਿਚ ਸਾਰਿਆਂ 'ਤੇ ਅਸਰ ਹੋਵੇਗਾ। ਵੱਖ-ਵੱਖ ਰੈਂਕਿੰਗ ਵਰਗ ਵਿਚ ਖਿਡਾਰੀਆਂ 'ਤੇ ਅਸਰ ਪਵੇਗਾ। ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਦੇ ਲਈ ਮਜ਼ਬੂਤ ਵਾਪਸੀ ਮੁਸ਼ਕਿਲ ਹੋਵੇਗੀ ਜਦਕਿ ਵੱਧ ਉਮਰ ਵਾਲੇ ਖਿਡਾਰੀਆਂ ਦਾ ਸਮਾਂ ਨਿਕਲਦਾ ਜਾ ਰਿਹਾ ਹੈ।