ਬ੍ਰੈਡਮੈਨ ਦੀ ਭਾਰਤ ਵਿਰੁੱਧ ਲੜੀ ’ਚ ਪਹਿਨੀ ਗਈ ਬੈਗੀ ਗ੍ਰੀਨ ਕੈਪ ਨਿਲਾਮ ਹੋਵੇਗੀ
Wednesday, Dec 31, 2025 - 01:01 PM (IST)
ਸਿਡਨੀ- ਮਹਾਨ ਬੱਲੇਬਾਜ਼ ਸਰ ਡੋਨਾਲਡ ਬ੍ਰੈਡਮੈਨ ਨੇ ਭਾਰਤ ਦੇ 1947-48 ਦੇ ਆਸਟ੍ਰੇਲੀਆ ਦੌਰੇ ਦੌਰਾਨ ਜਿਹੜੀ ਬੈਗੀ ਗ੍ਰੀਨ ਕੈਪ ਪਹਿਨੀ ਸੀ,ਉਸਦੀ ਅਗਲੇ ਮਹੀਨੇ ਨਿਲਾਮੀ ਕੀਤੀ ਜਾਵੇਗੀ। ਬ੍ਰੈਡਮੈਨ ਨੇ ਉਸ ਲੜੀ ਦੌਰਾਨ ਭਾਰਤੀ ਆਲਰਾਊਂਡਰ ਸ਼੍ਰੀਰੰਗਾ ਵਾਸੂਦੇਵ ਸੋਹੋਨੀ ਨੂੰ ਕੈਪ ਤੋਹਫੇ ਵਿਚ ਦਿੱਤੀ ਸੀ। ਉਹ ਇਕ ਆਜ਼ਾਦ ਰਾਸ਼ਟਰ ਦੇ ਰੂਪ ਵਿਚ ਭਾਰਤ ਦਾ ਪਹਿਲਾ ਕੌਮਾਂਤਰੀ ਕ੍ਰਿਕਟ ਦੌਰਾ ਸੀ।
ਬ੍ਰੈਡਮੈਨ ਦੇ ਯੁੱਗ ਦੀਆਂ ਬਚੀਆਂ ਹੋਈਆਂ ਜ਼ਿਆਦਾਤਰ ਬੈਗ ਗ੍ਰੀਨ ਕੈਪ ਵੱਖ-ਵੱਖ ਮਿਊਜ਼ੀਅਮਾਂ ਜਾਂ ਨਿੱਜੀ ਮਿਊਜ਼ੀਅਮਾਂ ਵਿਚ ਰੱਖੀਆਂ ਗਈਆਂ ਹਨ ਪਰ ਇਸ ਕੈਪ ਨੂੰ ਕਦੇ ਜਨਤਕ ਰੂਪ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ ਜਾਂ ਵਿਕਰੀ ਲਈ ਨਹੀਂ ਰੱਖਿਆ ਗਿਆ।
ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈੱਸ (ਏ. ਏ. ਪੀ.) ਦੇ ਅਨੁਸਾਰ ਇਹ ਕੈਪ 75 ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਇਕ ਹੀ ਪਰਿਵਾਰ ਦੇ ਮਾਲਕਾਨਾ ਹੱਕ ਵਾਲੀ ਰਹੀ ਹੈ। ਲਾਰਡਸ ਆਕਸ਼ਾਂਸ ਦੇ ਲੀ ਹੇਮਸ ਨੇ ਕਿਹਾ, ‘‘ਇਹ ਕ੍ਰਿਕਟ ਇਤਿਹਾਸ ਦੀ ਇਕ ਅਸਲ ਚੀਜ਼ ਹੈ, ਜਿਸ ਨੂੰ ਸਰ ਡੋਨਾਲਡ ਬ੍ਰੈਡਮੈਨ ਨੇ ਨਿੱਜੀ ਤੌਰ ’ਤੇ ਤੋਹਫੇ ਵਿਚ ਦਿੱਤਾ ਸੀ।’’
ਬ੍ਰੈਡਮੈਨ ਦੇ ਯੁੱਗ ਦੇ ਟੈਸਟ ਕ੍ਰਿਕਟਰ ਹਰੇਕ ਲੜੀ ਲਈ ਵੱਖ-ਵੱਖ ਕੈਪ ਪਹਿਨਦੇ ਸਨ। ਇਸ ਕੈਪ ਦੀ ਜਨਤਕ ਨਿਲਾਮੀ ਕੀਤੀ ਜਾਵੇਗੀ। ਬ੍ਰੈਡਮੈਨ ਨੂੰ ਖੇਡ ਦੇ ਇਤਿਹਾਸ ਦਾ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਹੈ। ਉਸ ਨੇ ਭਾਰਤ ਵਿਰੁੱਧ 1947-48 ਦੀ ਲੜੀ ਵਿਚ 6 ਪਾਰੀਆਂ ਵਿਚ 178.75 ਦੀ ਔਸਤ ਨਾਲ 715 ਦੌੜਾਂ ਬਣਾਈਆਂ ਸਨ। ਉਸ ਨੇ ਇਸ ਦੌਰਾਨ ਤਿੰਨ ਸੈਂਕੜੇ ਤੇ ਇਕ ਦੋਹਰਾ ਸੈਂਕੜਾ ਲਾਇਆ ਸੀ। ਆਸਟ੍ਰੇਲੀਆ ਨੇ ਇਹ ਲੜੀ 4-0 ਨਾਲ ਜਿੱਤੀ ਸੀ।
